ਤਾਜਾ ਖਬਰਾਂ
ਚੰਡੀਗੜ੍ਹ, 21 ਸਤੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਸਜ਼ਾ ਦੇਣ ਵਾਲੇ ਭਾਰਤ ਸਰਕਾਰ ਦੇ ਪ੍ਰਸਤਾਵ ਦੀ ਸਖ਼ਤ ਨਿਖੇਧੀ ਕੀਤੀ ਹੈ।
ਭਾਰਤ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਸਾੜਦੇ ਪਾਏ ਜਾਣ 'ਤੇ ਮਾਲੀਆ ਰਿਕਾਰਡ ਵਿੱਚ "ਲਾਲ ਐਂਟਰੀ" ਦਰਜ ਕਰਨ ਦੀ ਤਜਵੀਜ਼ ਰੱਖੀ ਹੈ।
ਵੜਿੰਗ ਨੇ ਇਸ ਨੂੰ ਕਿਸਾਨਾਂ ਨੂੰ ਡਰਾਉਣ-ਧਮਕਾਉਣ ਲਈ ਕੇਂਦਰ ਦਾ ਇੱਕ "ਤਾਨਾਸ਼ਾਹੀ ਫ਼ਰਮਾਨ" ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਹੁਕਮ ਦੀ ਦੁਰਵਰਤੋਂ ਹੋਣ ਦਾ ਪੂਰਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸੇ ਹੋਰ ਦੀ ਜ਼ਮੀਨ 'ਤੇ ਪਰਾਲੀ ਨੂੰ ਅੱਗ ਲਗਾ ਸਕਦਾ ਹੈ ਅਤੇ ਇਸ ਦਾ ਸਾਰਾ ਦੋਸ਼ ਜ਼ਮੀਨ ਦੇ ਮਾਲਕ ਸਿਰ ਮੜ੍ਹਿਆ ਜਾਵੇਗਾ।
ਇਸ ਤੋਂ ਇਲਾਵਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਦੋਵੇਂ ਸਰਕਾਰਾਂ ਨੂੰ ਪਰਾਲੀ ਪ੍ਰਬੰਧਨ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਇਨ੍ਹਾਂ ਕਾਲੇ ਹੁਕਮਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸਰਕਾਰ ਨੂੰ ਕਿਹਾ, "ਤੁਸੀਂ ਹਰ ਚੀਜ਼ ਦਾ ਦੋਸ਼ ਕਿਸਾਨਾਂ 'ਤੇ ਨਹੀਂ ਮੜ੍ਹ ਸਕਦੇ।"
ਉਨ੍ਹਾਂ ਕਿਹਾ ਕਿ ਕਿਸਾਨਾਂ ਖ਼ਿਲਾਫ਼ ਅਜਿਹਾ ਹੁਕਮ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਮਨ ਵਿੱਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ਸਾਰੇ ਸੂਬਿਆਂ ਦੇ ਕਿਸਾਨਾਂ ਪ੍ਰਤੀ "ਜਮਾਂਦਰੂ ਦੁਸ਼ਮਣੀ" ਹੈ।
ਪੀ.ਸੀ.ਸੀ. ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਹੁਕਮ ਦਾ ਪੂਰਨ ਤੌਰ 'ਤੇ ਵਿਰੋਧ ਕਰੇਗੀ ਅਤੇ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਇਸ ਹੁਕਮ ਨੂੰ ਵਾਪਸ ਕਰਵਾਉਣ ਲਈ ਉਹ ਜੋ ਵੀ ਕਦਮ ਚੁੱਕਣਗੇ, ਪਾਰਟੀ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ।
Get all latest content delivered to your email a few times a month.