ਤਾਜਾ ਖਬਰਾਂ
ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਪੰਜਾਬ ਅਤੇ ਚੰਡੀਗੜ੍ਹ ਦਫ਼ਤਰਾਂ ਵਿੱਚ ਲਗਭਗ 48 ਘੰਟਿਆਂ ਬਾਅਦ ED ਦੀ ਰੇਡ ਖ਼ਤਮ ਹੋ ਗਈ ਹੈ। ਟੀਮਾਂ 5 ਤੋਂ 6 ਗੱਡੀਆਂ ਵਿੱਚ ਸਵਾਰ ਹੋ ਕੇ ਮੋਹਾਲੀ ਸਥਿਤ GMADA ਦੇ ਹੈੱਡਕੁਆਰਟਰ ਤੋਂ ਰਵਾਨਾ ਹੋ ਗਈਆਂ।
ਟੀਮਾਂ ਆਪਣੇ ਨਾਲ ਕਈ ਦਸਤਾਵੇਜ਼ ਲੈ ਗਈਆਂ ਹਨ। ਹਾਲਾਂਕਿ, ਇਸ ਛਾਪੇਮਾਰੀ ਵਿੱਚ ਹੁਣ ਤੱਕ ਟੀਮ ਨੂੰ ਕੀ-ਕੀ ਮਿਲਿਆ ਹੈ, ਉਸ ਬਾਰੇ ED ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ, ਏਜੰਸੀ ਦੇ ਸੂਤਰਾਂ ਅਨੁਸਾਰ ਪੰਜਾਬ ਦੇ ਇੱਕ IAS ਅਧਿਕਾਰੀ ਦੇ ਘਰੋਂ ਲਗਭਗ ਢਾਈ ਕਰੋੜ ਰੁਪਏ ਕੈਸ਼, ਸਵਾ ਕਿੱਲੋ ਸੋਨਾ-ਚਾਂਦੀ ਅਤੇ ਜ਼ਮੀਨ ਦੇ ਕੁੱਝ ਦਸਤਾਵੇਜ਼ ਮਿਲੇ ਹਨ। ਇਹਨਾਂ ਦੀ ਜਾਂਚ ਜਾਰੀ ਹੈ। ED ਨੇ ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਠਿਕਾਣਿਆਂ 'ਤੇ ਛਾਪਾ ਮਾਰਿਆ ਸੀ। ਉਦੋਂ ਤੋਂ ਹੀ ਟੀਮ ਦੀ ਕਾਰਵਾਈ ਜਾਰੀ ਸੀ।
ED ਨੇ ਬੁੱਧਵਾਰ ਨੂੰ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਲੁਧਿਆਣਾ ਸਥਿਤ ਘਰ 'ਚ ਵੀ ਰੇਡ ਕੀਤੀ ਸੀ। ਇਸ ਤੋਂ ਇਲਾਵਾ, ਰਾਤ ਨੂੰ ਟੀਮ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੇ ਚੰਡੀਗੜ੍ਹ ਸਥਿਤ ਘਰ ਵੀ ਪਹੁੰਚੀ। ਇਸ ਤੋਂ ਬਾਅਦ ਦੇਰ ਰਾਤ ਪੰਜਾਬ ਸਰਕਾਰ ਹਾਈ ਕੋਰਟ ਚਲੀ ਗਈ ਹੈ।
ਸਰਕਾਰ ਨੇ ਹਾਈ ਕੋਰਟ ਵਿੱਚ ਤੁਰੰਤ ਸੁਣਵਾਈ ਦੀ ਮੰਗ ਕੀਤੀ। ਇਸ ਪਟੀਸ਼ਨ 'ਤੇ ਹਾਈ ਕੋਰਟ ਨੇ ED ਦੀ ਛਾਪੇਮਾਰੀ ਦੀ ਨਿਗਰਾਨੀ ਲਈ ਵਾਰੰਟ ਅਫ਼ਸਰ ਨਿਯੁਕਤ ਕੀਤਾ ਹੈ। ਵਾਰੰਟ ਅਫ਼ਸਰ ਨੂੰ ਮੌਕੇ 'ਤੇ ਜਾ ਕੇ ਛਾਪੇਮਾਰੀ ਦੀ ਸਥਿਤੀ ਦੇਖਣ ਅਤੇ ਇਸ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਾਰੰਟ ਅਫ਼ਸਰ ਕਿਸੇ ਵੀ ਸਮੇਂ ਛਾਪੇਮਾਰੀ ਵਾਲੀ ਜਗ੍ਹਾ 'ਤੇ ਜਾ ਕੇ ਨਿਰੀਖਣ ਕਰ ਸਕਦਾ ਹੈ। ਉਸ ਨੂੰ ਵੀਰਵਾਰ ਨੂੰ ਹੀ ਮਾਮਲੇ ਦੀ ਸਟੇਟਸ ਰਿਪੋਰਟ ਹਾਈ ਕੋਰਟ ਵਿੱਚ ਸੌਂਪਣੀ ਹੋਵੇਗੀ।
Get all latest content delivered to your email a few times a month.