ਤਾਜਾ ਖਬਰਾਂ
ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (NIA) ਨੇ ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਸੂਬਾਈ ਦਫ਼ਤਰ 'ਤੇ 1 ਅਪ੍ਰੈਲ ਨੂੰ ਹੋਏ ਗ੍ਰਨੇਡ ਹਮਲੇ ਦੀ ਜਾਂਚ ਦੀ ਵਾਗਡੋਰ ਸੰਭਾਲ ਲਈ ਹੈ। ਏਜੰਸੀ ਨੇ ਨਵੀਂ ਐੱਫ.ਆਈ.ਆਰ. ਦਰਜ ਕਰਦਿਆਂ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ। ਹੁਣ ਇਸ ਹਾਈ-ਪ੍ਰੋਫਾਈਲ ਅਤੇ ਸੰਵੇਦਨਸ਼ੀਲ ਮਾਮਲੇ ਦੀ ਸੁਣਵਾਈ NIA ਦੀ ਵਿਸ਼ੇਸ਼ ਅਦਾਲਤ ਵਿੱਚ ਚੱਲੇਗੀ।
ਜਾਂਚ ਏਜੰਸੀ ਨੇ ਕੇਸ ਦਾ ਸਾਰਾ ਰਿਕਾਰਡ ਪ੍ਰਾਪਤ ਕਰਨ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪਹੁੰਚ ਕੀਤੀ ਸੀ। ਅਦਾਲਤ ਨੇ ਸੈਕਟਰ-39 ਥਾਣਾ ਪੁਲਿਸ ਵੱਲੋਂ 13 ਜੁਲਾਈ ਨੂੰ ਦਾਇਰ ਚਾਰਜਸ਼ੀਟ, ਸਬੂਤ ਅਤੇ ਅਧੂਰੀ ਜਾਂਚ ਨਾਲ ਜੁੜੇ ਸਮੁੱਚੇ ਦਸਤਾਵੇਜ਼ ਵਿਸ਼ੇਸ਼ NIA ਅਦਾਲਤ ਨੂੰ ਸੌਂਪਣ ਦੇ ਹੁਕਮ ਜਾਰੀ ਕੀਤੇ ਹਨ। ਇਸ ਕਾਰਵਾਈ ਤੋਂ ਬਾਅਦ ਜੇਲ੍ਹ ਵਿੱਚ ਬੰਦ ਸਾਰੇ 11 ਮੁਲਜ਼ਮਾਂ ਨੂੰ ਹੁਣ NIA ਦੀ ਅਦਾਲਤ ਅੱਗੇ ਹੀ ਪੇਸ਼ ਕੀਤਾ ਜਾਵੇਗਾ।
ਚੰਡੀਗੜ੍ਹ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਖ਼ੁਲਾਸਾ ਹੋਇਆ ਸੀ ਕਿ ਇਸ ਹਮਲੇ ਦੀ ਸਾਜ਼ਿਸ਼ ਪੁਰਤਗਾਲ ਬੈਠੇ ਬਲਜੋਤ ਸਿੰਘ (ਜੋਤਾ), ਫਰਾਂਸ ਦੇ ਸੁਰਜੀਤ (ਸਰਪੰਚ) ਅਤੇ ਜਰਮਨੀ ਦੇ ਔਜਲਾ ਨੇ ਮਿਲ ਕੇ ਰਚੀ ਸੀ। ਇਸ ਕੰਮ ਲਈ ਪਾਕਿਸਤਾਨ ਤੋਂ ਡਰੋਨ ਰਾਹੀਂ ਦੋ ਹੈਂਡ ਗ੍ਰਨੇਡ, ਇੱਕ ਪਿਸਤੌਲ ਅਤੇ ਕਾਰਤੂਸ ਮੰਗਵਾਏ ਗਏ ਸਨ। ਗੱਲਬਾਤ ਦੌਰਾਨ ਮੁਲਜ਼ਮ ਗ੍ਰਨੇਡ ਲਈ ‘ਪਿਆਜ਼’ ਅਤੇ ਕਾਰਤੂਸਾਂ ਲਈ ‘ਦਾਣੇ’ ਕੋਡਵਰਡ ਵਰਤਦੇ ਸਨ। ਹਮਲੇ ਲਈ ਵਿਦੇਸ਼ਾਂ ਤੋਂ ਵੱਖ-ਵੱਖ ਕਿਸ਼ਤਾਂ ਵਿੱਚ ਲਗਭਗ ਡੇਢ ਲੱਖ ਰੁਪਏ ਦੀ ਫੰਡਿੰਗ ਵੀ ਭੇਜੀ ਗਈ ਸੀ।
ਵਾਰਦਾਤ ਤੋਂ ਬਾਅਦ ਸ਼ੁਰੂਆਤ 'ਚ ਪੁਲਿਸ ਨੇ ਵਿਸਫੋਟਕ ਐਕਟ ਦੀ ਧਾਰਾ-3 ਤਹਿਤ ਮਾਮਲਾ ਦਰਜ ਕੀਤਾ ਸੀ ਅਤੇ 11 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। 13 ਜੁਲਾਈ ਨੂੰ ਪੇਸ਼ ਚਾਰਜਸ਼ੀਟ ਵਿੱਚ ਪੁਲਿਸ ਨੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਦੀਆਂ ਸਖ਼ਤ ਧਾਰਾਵਾਂ ਜੋੜ ਦਿੱਤੀਆਂ ਸਨ। ਨਿਯਮਾਂ ਮੁਤਾਬਕ UAPA ਲੱਗਣ ਕਾਰਨ ਕੇਸ ਕੇਂਦਰੀ ਏਜੰਸੀ ਨੂੰ ਤਬਦੀਲ ਕੀਤਾ ਗਿਆ ਹੈ।
ਹਮਲੇ ਨੂੰ ਅੰਜਾਮ ਦੇਣ ਵਾਲੇ ਗੁਰਤੇਜ ਸਿੰਘ (ਤੇਜੀ) ਅਤੇ ਅਮਨਪ੍ਰੀਤ ਸਿੰਘ (ਅਮਨ) ਘਟਨਾ ਤੋਂ ਅਗਲੇ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਵਾਇਰਲ ਹੁੰਦਿਆਂ ਦੇਖ ਕੇ ਡਰ ਗਏ ਸਨ। ਉਹ ਪਹਿਲਾਂ ਖਾਟੂ ਸ਼ਿਆਮ ਅਤੇ ਫਿਰ ਹਰਿਆਣਾ ਦੇ ਰੇਵਾੜੀ ਭੱਜ ਗਏ, ਜਿੱਥੋਂ ਪੁਲਿਸ ਨੇ ਤਕਨੀਕੀ ਜਾਂਚ ਦੇ ਆਧਾਰ 'ਤੇ ਉਨ੍ਹਾਂ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਦੋਵਾਂ ਨੇ ਵਿਦੇਸ਼ੀ ਨੈੱਟਵਰਕ ਅਤੇ ਫੰਡਿੰਗ ਦੇ ਸਾਰੇ ਭੇਦ ਖੋਲ੍ਹੇ ਸਨ।
ਹੁਣ NIA ਇਸ ਅੱਤਵਾਦੀ ਸਾਜ਼ਿਸ਼ ਦੇ ਬਾਕੀ ਰਹਿੰਦੇ ਪਹਿਲੂਆਂ ਅਤੇ ਵਿਦੇਸ਼ੀ ਹੈਂਡਲਰਾਂ ਦੇ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ।
Get all latest content delivered to your email a few times a month.