ਤਾਜਾ ਖਬਰਾਂ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੁਧਿਆਣਾ ਦੇ ਬਹੁ-ਚਰਚਿਤ ਅਤੇ ਰੂਹ ਕੰਬਾਊ 'ਦਿਲਰੋਜ਼ ਕੌਰ ਕਤਲ ਕਾਂਡ' ਵਿੱਚ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਡ੍ਹਾਈ ਸਾਲਾਂ ਦੀ ਮਾਸੂਮ ਬੱਚੀ ਨੂੰ ਜ਼ਿੰਦਾ ਦਫ਼ਨਾ ਕੇ ਮੌਤ ਦੇ ਘਾਟ ਉਤਾਰਨ ਵਾਲੀ ਦੋਸ਼ੀ ਗੁਆਂਢਣ ਔਰਤ ਨੀਲਮ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਬਦਲ ਦਿੱਤਾ ਹੈ। ਹਾਈਕੋਰਟ ਦੇ ਨਵੇਂ ਹੁਕਮਾਂ ਅਨੁਸਾਰ, ਦੋਸ਼ੀ ਔਰਤ ਨੂੰ ਹੁਣ 30 ਸਾਲਾਂ ਤੱਕ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਰਹਿਣਾ ਪਵੇਗਾ ਅਤੇ ਇਸ ਪੂਰੇ ਸਮੇਂ ਦੌਰਾਨ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਪੈਰੋਲ, ਛੋਟ ਜਾਂ ਰਿਆਇਤ ਨਹੀਂ ਮਿਲੇਗੀ।
ਇਹ ਖ਼ੌਫ਼ਨਾਕ ਵਾਰਦਾਤ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਹੈ, ਜਿੱਥੇ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਆਪਣੀ ਡ੍ਹਾਈ ਸਾਲਾਂ ਦੀ ਧੀ ਦਿਲਰੋਜ਼ ਕੌਰ ਅਤੇ ਪਰਿਵਾਰ ਨਾਲ ਰਹਿੰਦੇ ਸਨ। ਉਨ੍ਹਾਂ ਦੇ ਬਿਲਕੁਲ ਗੁਆਂਢ ਵਿੱਚ ਹੀ ਨੀਲਮ (38) ਨਾਮਕ ਇੱਕ ਤਲਾਕਸ਼ੁਦਾ ਔਰਤ ਆਪਣੇ ਦੋ ਪੁੱਤਰਾਂ ਨਾਲ ਰਹਿ ਰਹੀ ਸੀ। ਹਰਪ੍ਰੀਤ ਸਿੰਘ ਅਕਸਰ ਆਪਣੇ ਬੱਚਿਆਂ ਲਈ ਨਵੇਂ ਖਿਡੌਣੇ ਅਤੇ ਵਧੀਆ ਕੱਪੜੇ ਲਿਆਉਂਦੇ ਸਨ। ਆਰਥਿਕ ਤੰਗੀ ਕਾਰਨ ਨੀਲਮ ਆਪਣੇ ਬੱਚਿਆਂ ਦੀਆਂ ਅਜਿਹੀਆਂ ਖ਼ਵਾਹਿਸ਼ਾਂ ਪੂਰੀਆਂ ਕਰਨ 'ਚ ਅਸਮਰੱਥ ਸੀ, ਜਿਸ ਕਰਕੇ ਉਸ ਦੇ ਮਨ 'ਚ ਗੁਆਂਢੀ ਪਰਿਵਾਰ ਪ੍ਰਤੀ ਡੂੰਘੀ ਈਰਖਾ, ਜਲਣ ਅਤੇ ਹੀਣ ਭਾਵਨਾ ਪੈਦਾ ਹੋ ਗਈ। ਇਸੇ ਰੰਜਿਸ਼ ਦਾ ਬਦਲਾ ਲੈਣ ਲਈ ਉਸ ਨੇ ਇੱਕ ਅਜਿਹੀ ਖ਼ੌਫ਼ਨਾਕ ਸਾਜ਼ਿਸ਼ ਰਚੀ ਜਿਸ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ।
ਮਿਤੀ 28 ਨਵੰਬਰ 2021 ਵਾਲੇ ਦਿਨ ਜਦੋਂ ਮਾਸੂਮ ਦਿਲਰੋਜ਼ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੀ ਸੀ, ਤਾਂ ਨੀਲਮ ਨੇ ਯੋਜਨਾ ਤਹਿਤ ਉਸ ਨੂੰ ਆਪਣੀ ਸਕੂਟੀ 'ਤੇ ਬਿਠਾਇਆ ਅਤੇ ਐਲਡੀਕੋ ਨੇੜੇ ਇੱਕ ਸੁੰਨਸਾਨ ਖ਼ਾਲੀ ਪਲਾਟ ਵਿੱਚ ਲੈ ਗਈ। ਉੱਥੇ ਉਸ ਨੇ ਪਹਿਲਾਂ ਹੀ ਇੱਕ ਡੂੰਘਾ ਟੋਆ ਪੁੱਟ ਕੇ ਰੱਖਿਆ ਹੋਇਆ ਸੀ। ਦੋਸ਼ੀ ਔਰਤ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਮਾਸੂਮ ਦੇ ਮੂੰਹ 'ਚ ਜ਼ਬਰਦਸਤੀ ਮਿੱਟੀ ਭਰੀ ਅਤੇ ਉਸ ਨੂੰ ਟੋਏ 'ਚ ਸੁੱਟ ਕੇ ਜ਼ਿੰਦਾ ਹੀ ਦਫ਼ਨਾ ਦਿੱਤਾ, ਜਿਸ ਨਾਲ ਦਮ ਘੁੱਟਣ ਕਾਰਨ ਬੱਚੀ ਦੀ ਤੜਫ਼-ਤੜਫ਼ ਕੇ ਮੌਤ ਹੋ ਗਈ।
ਬੱਚੀ ਨੂੰ ਦਫ਼ਨਾਉਣ ਤੋਂ ਬਾਅਦ ਸ਼ਾਤਿਰ ਔਰਤ ਵਾਪਸ ਇਲਾਕੇ 'ਚ ਆ ਕੇ ਅਣਜਾਣ ਬਣ ਗਈ ਅਤੇ ਪਰਿਵਾਰ ਨਾਲ ਹੀ ਬੱਚੀ ਨੂੰ ਲੱਭਣ ਦਾ ਡਰਾਮਾ ਕਰਨ ਲੱਗੀ। ਪਰ ਜਦੋਂ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਜਾਂਚ ਕੀਤੀ ਤਾਂ ਨੀਲਮ ਮਾਸੂਮ ਨੂੰ ਸਕੂਟੀ 'ਤੇ ਲਿਜਾਂਦੀ ਹੋਈ ਸਾਫ਼ ਨਜ਼ਰ ਆ ਗਈ। ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਦੀ ਹੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਟੋਏ 'ਚੋਂ ਬੱਚੀ ਨੂੰ ਬਾਹਰ ਕੱਢ ਕੇ ਡੀ.ਐੱਮ.ਸੀ. (DMC) ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਵਿਰੁੱਧ ਆਈਪੀਸੀ ਦੀ ਧਾਰਾ 364, 302 ਅਤੇ 201 ਤਹਿਤ ਸੰਗੀਨ ਮਾਮਲਾ ਦਰਜ ਕੀਤਾ ਸੀ।
ਲਗਭਗ ਦੋ ਸਾਲ ਪਹਿਲਾਂ ਲੁਧਿਆਣਾ ਦੀ ਸੈਸ਼ਨ ਅਦਾਲਤ ਨੇ ਇਸ ਵਹਿਸ਼ੀਆਨਾ ਕਾਰੇ ਨੂੰ 'ਵਿਰਲੇ ਤੋਂ ਵਿਰਲਾ' (Rare of Rarest) ਮਾਮਲਾ ਮੰਨਦੇ ਹੋਏ ਦੋਸ਼ੀ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਉਸ ਵੇਲੇ ਦੋਸ਼ੀ ਅਦਾਲਤ 'ਚ ਫੁੱਟ-ਫੁੱਟ ਕੇ ਰੋਈ ਅਤੇ ਆਪਣੇ ਬੱਚਿਆਂ ਦਾ ਵਾਸਤਾ ਦੇ ਕੇ ਰਹਿਮ ਦੀ ਭੀਖ ਮੰਗਦੀ ਰਹੀ, ਪਰ ਸੈਸ਼ਨ ਕੋਰਟ ਨੇ ਕੋਈ ਨਰਮੀ ਨਹੀਂ ਦਿਖਾਈ। ਇਸ ਫ਼ੈਸਲੇ ਖ਼ਿਲਾਫ਼ ਨੀਲਮ ਵੱਲੋਂ ਦਾਇਰ ਕੀਤੀ ਗਈ ਅਪੀਲ 'ਤੇ ਸੁਣਵਾਈ ਕਰਦਿਆਂ ਹੁਣ ਪੰਜਾਬ-ਹਰਿਆਣਾ ਹਾਈਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ਨੂੰ 30 ਸਾਲ ਦੀ ਬਿਨਾਂ ਕਿਸੇ ਛੋਟ ਵਾਲੀ ਉਮਰਕੈਦ ਵਿੱਚ ਬਦਲ ਦਿੱਤਾ ਹੈ। ਉੱਥੇ ਹੀ, ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਮਾਸੂਮ ਬੱਚੀ ਦਾ ਪਰਿਵਾਰ ਪ੍ਰੈੱਸ ਕਾਨਫ਼ਰੰਸ ਕਰਕੇ ਆਪਣਾ ਪੱਖ ਰੱਖੇਗਾ।
Get all latest content delivered to your email a few times a month.