ਤਾਜਾ ਖਬਰਾਂ
ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਕੈਦ ਇੱਕ ਬੰਦੀ ਦੀ ਕਥਿਤ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਦੇ ਮੁੱਖ ਗੇਟ ਦੇ ਬਾਹਰ ਧਰਨਾ ਦੇ ਕੇ ਰੋਸ ਜਤਾਇਆ। ਪਰਿਵਾਰ ਨੇ ਦੋਸ਼ ਲਾਇਆ ਕਿ ਜੇਲ੍ਹ ਅੰਦਰ ਕੁਝ ਕੈਦੀਆਂ ਵੱਲੋਂ ਉਨ੍ਹਾਂ ਦੇ ਪੁੱਤਰ ਅਰਸ਼ਦੀਪ ਸਿੰਘ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਜੇਲ੍ਹ ਅੰਦਰ ਦੋ ਗੁੱਟਾਂ ਵਿਚਾਲੇ ਝੜਪ ਹੋਈ ਸੀ, ਜਿਸ ਦੌਰਾਨ ਦੋ ਬੰਦੀ ਜ਼ਖਮੀ ਹੋਏ ਸਨ। ਪਰਿਵਾਰ ਮੁਤਾਬਕ ਇਸੇ ਘਟਨਾ ਵਿੱਚ ਅਰਸ਼ਦੀਪ ਸਿੰਘ ਵੀ ਜ਼ਖਮੀ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਅਰਸ਼ਦੀਪ ਨੇ ਜੇਲ੍ਹ ਵਿੱਚੋਂ ਫੋਨ ਕਰਕੇ ਕੁੱਟਮਾਰ ਹੋਣ ਅਤੇ ਆਪਣੀ ਜਾਨ ਨੂੰ ਖਤਰਾ ਹੋਣ ਬਾਰੇ ਜਾਣਕਾਰੀ ਦਿੱਤੀ।
ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹਮਲੇ ਸਮੇਂ ਜੇਲ੍ਹ ਦੇ ਕੁਝ ਸੀਸੀਟੀਵੀ ਕੈਮਰੇ ਬੰਦ ਸਨ। ਉਨ੍ਹਾਂ ਮੁਤਾਬਕ ਗੁਰਦਾਸਪੁਰ ਜੇਲ੍ਹ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ ਵੀ ਅਰਸ਼ਦੀਪ ਨਾਲ ਇੱਕ-ਦੋ ਵਾਰ ਹਮਲੇ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਪਰਿਵਾਰ ਨੇ ਦੱਸਿਆ ਕਿ ਉਹ ਕਰੀਬ ਨੌਂ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਲਗਭਗ ਡੇਢ ਮਹੀਨਾ ਪਹਿਲਾਂ ਉਸ ਨੂੰ ਪਟਿਆਲਾ ਜੇਲ੍ਹ ਤੋਂ ਗੁਰਦਾਸਪੁਰ ਭੇਜਿਆ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਅਰਸ਼ਦੀਪ ਸਿੰਘ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਤੁਰੰਤ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਉਨ੍ਹਾਂ ਮੁਤਾਬਕ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਲਿਖਤੀ ਅਰਜ਼ੀ ਵੀ ਦਿੱਤੀ ਜਾ ਚੁੱਕੀ ਹੈ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਐਸਪੀ ਅਮ੍ਰਿਤਪਾਲ ਸਿੰਘ ਨਾਲ ਵੀ ਸੰਪਰਕ ਕੀਤਾ ਗਿਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਡੀਜੀਪੀ ਜੇਲ੍ਹਾਂ ਪੰਜਾਬ ਨਾਲ ਗੱਲ ਕਰਵਾਉਣ ਲਈ ਕਿਹਾ ਗਿਆ, ਪਰ ਉਹ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਅਜਿਹਾ ਕਰਨ ਵਿੱਚ ਅਸਮਰੱਥ ਹਨ।
ਪਰਿਵਾਰਕ ਮੈਂਬਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਰਸ਼ਦੀਪ ਸਿੰਘ ਨੂੰ ਸੁਰੱਖਿਆ ਦੇ ਮੱਦੇਨਜ਼ਰ ਹੋਰ ਜੇਲ੍ਹ ਵਿੱਚ ਤਬਦੀਲ ਨਾ ਕੀਤਾ ਗਿਆ ਤਾਂ ਉਹ ਜਥੇਬੰਦੀਆਂ ਦੇ ਸਹਿਯੋਗ ਨਾਲ ਜੇਲ੍ਹ ਦੇ ਮੁੱਖ ਗੇਟ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨਗੇ।
Get all latest content delivered to your email a few times a month.