ਤਾਜਾ ਖਬਰਾਂ
ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕਾਂ ਵਿਰੁੱਧ ਆਰੰਭੀ ਗਈ ਮੁਹਿੰਮ ਤਹਿਤ ਅਮਰੀਕਾ ਦੀ ਸਰਵਉੱਚ ਖੁਫ਼ੀਆ ਜਾਂਚ ਏਜੰਸੀ ਐਫਬੀਆਈ (FBI) ਨੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੁੱਖ ਸਰਗਨਾ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਏਜੰਸੀ ਨੇ ਗੋਲਡੀ ਬਰਾੜ ਨੂੰ ਆਪਣੇ ਸਭ ਤੋਂ ਵੱਧ ਲੋੜੀਂਦੇ 10 ਭਗੌੜਿਆਂ (Ten Most Wanted Fugitives) ਦੀ ਗਲੋਬਲ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਸਾਬਤ ਹੋਣ ਵਾਲੀ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 10 ਲੱਖ ਅਮਰੀਕੀ ਡਾਲਰ (ਲਗਭਗ 9 ਕਰੋੜ ਰੁਪਏ) ਦੇ ਵੱਡੇ ਇਨਾਮ ਦੀ ਐਲਾਨ ਵੀ ਕੀਤਾ ਗਿਆ ਹੈ।
ਐਫਬੀਆਈ ਅਨੁਸਾਰ ਗੋਲਡੀ ਬਰਾੜ ਅਮਰੀਕਾ ਵਿੱਚ ਪਨਾਹ ਲੈ ਕੇ ਉੱਥੋਂ ਹੀ ਲਾਰੈਂਸ ਬਿਸ਼ਨੋਈ ਗੈਂਗ ਦੇ ਪੂਰੇ ਅਪਰਾਧਿਕ ਸਿੰਡੀਕੇਟ ਦਾ ਸੰਚਾਲਨ ਕਰ ਰਿਹਾ ਸੀ। ਇਹ ਗਿਰੋਹ ਭਾਰਤ, ਕੈਨੇਡਾ ਅਤੇ ਉੱਤਰੀ ਅਮਰੀਕਾ ਵਿੱਚ ਯੋਜਨਾਬੱਧ ਕਤਲ, ਅੰਨ੍ਹੇਵਾਹ ਗੋਲੀਬਾਰੀ, ਜਬਰੀ ਵਸੂਲੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। 28 ਸਤੰਬਰ ਨੂੰ ਜਾਰੀ ਕੀਤੀ ਗਈ ਤਾਜ਼ਾ ਸੂਚੀ ਵਿੱਚ ਗੋਲਡੀ ਬਰਾੜ ਨੂੰ 543ਵੇਂ ਭਗੌੜੇ ਵਜੋਂ ਦਰਜ ਕੀਤਾ ਗਿਆ ਹੈ।
ਅਮਰੀਕੀ ਕਾਨੂੰਨੀ ਏਜੰਸੀਆਂ ਨੇ ਲਾਸ ਏਂਜਲਸ ਦੀ ਸੰਘੀ ਅਦਾਲਤ ਵਿੱਚ ਗੋਲਡੀ ਬਰਾੜ ਵਿਰੁੱਧ ਗੈਂਗ ਸਾਜ਼ਿਸ਼, ਰੈਕੇਟੀਅਰਿੰਗ ਅਤੇ ਡਰੱਗ ਤਸਕਰੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਵੱਲੋਂ ਪਿਛਲੇ ਸਾਲ 1 ਜੁਲਾਈ ਨੂੰ ਹੀ ਉਸ ਵਿਰੁੱਧ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਸੀ। ਜਾਂਚ ਏਜੰਸੀਆਂ ਅਨੁਸਾਰ ਉਹ ਉੱਤਰੀ ਅਮਰੀਕਾ ਵਿੱਚ ਬਿਸ਼ਨੋਈ ਗੈਂਗ ਦੇ ਨੈੱਟਵਰਕ ਨੂੰ ਮਜ਼ਬੂਤ ਕਰਨ ਅਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਮੁੱਖ ਪ੍ਰਬੰਧਕ ਰਿਹਾ ਹੈ।
ਜੁਲਾਈ 2026 ਵਿੱਚ ਅਮਰੀਕੀ ਏਜੰਸੀਆਂ ਵੱਲੋਂ "ਆਪ੍ਰੇਸ਼ਨ ਹਾਰਡਬਾਲ" ਨਾਮਕ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਭਾਰਤ ਨਾਲ ਜੁੜੇ ਤਿੰਨ ਵੱਡੇ ਅਪਰਾਧਿਕ ਗਿਰੋਹਾਂ ਦੇ 37 ਮੈਂਬਰਾਂ ਵਿਰੁੱਧ ਅਦਾਲਤੀ ਦੋਸ਼ ਆਇਦ ਕੀਤੇ ਗਏ ਸਨ। ਇਸ ਆਪ੍ਰੇਸ਼ਨ ਦੌਰਾਨ ਬਿਸ਼ਨੋਈ ਗੈਂਗ ਦੇ ਕਈ ਸਰਗਰਮ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਪਰ ਗੋਲਡੀ ਬਰਾੜ ਲਗਾਤਾਰ ਫਰਾਰ ਚੱਲ ਰਿਹਾ ਹੈ।
ਐਫਬੀਆਈ ਦੀ ਚਾਰਜਸ਼ੀਟ ਮੁਤਾਬਕ, ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ 'ਤੇ ਪੰਜਾਬ ਨਾਲ ਸਬੰਧਤ ਇੱਕ ਪ੍ਰਮੁੱਖ ਰਾਜਨੀਤਿਕ ਤੇ ਧਾਰਮਿਕ ਆਗੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਵੀ ਦੋਸ਼ ਹੈ। ਇਹ ਘਟਨਾ 18 ਜੂਨ 2023 ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਸਰੀ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਸੀ, ਜਿੱਥੇ ਦੋ ਹਮਲਾਵਰਾਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।
ਫਿਲਹਾਲ ਐਫਬੀਆਈ ਕੈਨੇਡੀਅਨ ਪੁਲਿਸ ਅਤੇ ਲਾਸ ਏਂਜਲਸ ਪੁਲਿਸ ਨਾਲ ਮਿਲ ਕੇ ਗੋਲਡੀ ਬਰਾੜ ਦੇ ਸੰਭਾਵੀ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਏਜੰਸੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਸ ਬਾਰੇ ਕੋਈ ਵੀ ਜਾਣਕਾਰੀ ਮਿਲਣ 'ਤੇ ਤੁਰੰਤ ਸੂਚਿਤ ਕੀਤਾ ਜਾਵੇ, ਅਤੇ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
Get all latest content delivered to your email a few times a month.