ਤਾਜਾ ਖਬਰਾਂ
ਦੇਸ਼ ਵਿੱਚੋਂ ਮਾਨਸੂਨ ਦੀ ਰਵਾਨਗੀ ਦਾ ਸਮਾਂ ਨੇੜੇ ਆਉਣ ਦੇ ਬਾਵਜੂਦ ਕਈ ਰਾਜਾਂ ਵਿੱਚ ਮੀਂਹ ਅਤੇ ਗਰਜ-ਤੂਫ਼ਾਨ ਦਾ ਸਿਲਸਿਲਾ ਜਾਰੀ ਹੈ। ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਤੋਂ ਲੈ ਕੇ ਉੱਤਰ ਪ੍ਰਦੇਸ਼, ਬਿਹਾਰ, ਉੱਤਰ-ਪੂਰਬ ਅਤੇ ਦੱਖਣੀ ਭਾਰਤ ਤੱਕ 29 ਸਤੰਬਰ ਨੂੰ ਭਾਰੀ ਬਾਰਿਸ਼ ਅਤੇ ਬਿਜਲੀ ਚਮਕਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ ਵਿੱਚ ਵੀ ਬੀਤੇ ਦਿਨੀਂ ਹੋਈ ਬਾਰਿਸ਼ ਨੇ ਗਰਮੀ ਤੋਂ ਵੱਡੀ ਰਾਹਤ ਦਿਵਾਈ ਹੈ।
ਭਾਰਤੀ ਮੌਸਮ ਵਿਭਾਗ (ਚੰਡੀਗੜ੍ਹ) ਦੀ ਰਿਪੋਰਟ ਅਨੁਸਾਰ, ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 2.1 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ, ਜੋ ਕਿ ਆਮ ਨਾਲੋਂ 5.2 ਡਿਗਰੀ ਘੱਟ ਦਰਜ ਕੀਤਾ ਗਿਆ।
ਸਭ ਤੋਂ ਗਰਮ ਇਲਾਕਾ: ਬਠਿੰਡਾ ਖੇਤੀਬਾੜੀ ਮੌਸਮ ਕੇਂਦਰ ਵਿਖੇ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਸੈਲਸੀਅਸ ਰਿਹਾ।
ਪ੍ਰਮੁੱਖ ਸ਼ਹਿਰਾਂ ਦਾ ਹਾਲ: ਅੰਮ੍ਰਿਤਸਰ 'ਚ ਤਾਪਮਾਨ 30.2 ਡਿਗਰੀ, ਲੁਧਿਆਣਾ 'ਚ 28.4 ਡਿਗਰੀ, ਪਟਿਆਲਾ 'ਚ 27.2 ਡਿਗਰੀ ਅਤੇ ਚੰਡੀਗੜ੍ਹ 'ਚ 25.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਮੀਂਹ ਦਾ ਵੇਰਵਾ: ਹੁਸ਼ਿਆਰਪੁਰ ਦੇ ਸਲੇਰਾਂ ਵਿੱਚ ਸਭ ਤੋਂ ਵੱਧ 70 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਇਲਾਵਾ ਜਲੰਧਰ ਵਿੱਚ 26.5 ਮਿਲੀਮੀਟਰ, ਪਟਿਆਲਾ ਵਿੱਚ 16.5 ਮਿਲੀਮੀਟਰ, ਹੁਸ਼ਿਆਰਪੁਰ (ਏ.ਡਬਲਿਊ.ਐਸ.) ਵਿੱਚ 14.5 ਮਿਲੀਮੀਟਰ ਅਤੇ ਐਸ.ਏ.ਐਸ. ਨਗਰ ਵਿੱਚ 7.5 ਮਿਲੀਮੀਟਰ ਮੀਂਹ ਪਿਆ। ਰੂਪਨਗਰ ਸਮੇਤ ਕਈ ਹੋਰ ਹਿੱਸਿਆਂ ਵਿੱਚ ਵੀ ਹਲਕੀ ਬੂੰਦਾ-ਬਾਂਦੀ ਹੋਈ।
ਮੌਸਮ ਵਿਭਾਗ ਮੁਤਾਬਕ 29 ਸਤੰਬਰ ਨੂੰ ਹਿਮਾਚਲ ਪ੍ਰਦੇਸ਼, ਉੱਤਰ-ਪੂਰਬੀ ਰਾਜਾਂ, ਤਾਮਿਲਨਾਡੂ, ਕੇਰਲ ਅਤੇ ਦੱਖਣੀ ਕਰਨਾਟਕ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਜੰਮੂ-ਕਸ਼ਮੀਰ ਵਰਗੇ ਰਾਜਾਂ ਵਿੱਚ ਗਰਜ-ਚਮਕ ਨਾਲ ਮੀਂਹ ਪੈ ਸਕਦਾ ਹੈ।
ਪੰਜਾਬ ਲਈ ਅਗਲੇ ਦਿਨਾਂ ਦਾ ਅਲਰਟ:
ਮੰਗਲਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐਸ.ਏ.ਐਸ. ਨਗਰ ਵਿੱਚ ਕਿਤੇ-ਕਿਤੇ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ। ਜਦਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਮੌਸਮ ਸਾਫ਼ ਰਹੇਗਾ। 30 ਸਤੰਬਰ ਤੋਂ 2 ਅਕਤੂਬਰ ਤੱਕ ਪੂਰੇ ਉੱਤਰ-ਪੱਛਮੀ ਭਾਰਤ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਉਮੀਦ ਹੈ।
Get all latest content delivered to your email a few times a month.