ਤਾਜਾ ਖਬਰਾਂ
ਫਗਵਾੜਾ/ਕਪੂਰਥਲਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਏ ਹੰਗਾਮੇ ਅਤੇ ਹਿੰਸਾ ਦੇ ਮਾਮਲੇ ਵਿੱਚ ਕਪੂਰਥਲਾ ਪੁਲਿਸ ਨੇ ਸ਼ਿਕੰਜਾ ਕੱਸਦਿਆਂ ਕੁੱਲ ਚਾਰ ਐੱਫ.ਆਈ.ਆਰ. (FIR) ਦਰਜ ਕੀਤੀਆਂ ਹਨ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਬਿਆਨਾਂ ਦੇ ਆਧਾਰ 'ਤੇ ਐਤਵਾਰ ਨੂੰ ਸਤਨਾਮਪੁਰਾ ਪੁਲਿਸ ਸਟੇਸ਼ਨ 'ਚ ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਤਿੰਨ ਹੋਰ ਨਵੇਂ ਕੇਸ ਦਰਜ ਕੀਤੇ ਗਏ ਹਨ।
ਫਗਵਾੜਾ ਦੇ ਸਦਰ ਪੁਲਿਸ ਥਾਣੇ ਵਿੱਚ ਇਰਾਦਾ-ਏ-ਕਤਲ, ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ, ਨਿੱਜੀ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਨੈਸ਼ਨਲ ਹਾਈਵੇਅ ਜਾਮ ਕਰਨ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਗਏ ਹਨ।
ਐਤਵਾਰ ਸ਼ਾਮ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਪੁਲਿਸ ਦੀਆਂ ਤਿੰਨ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਸ ਲਈ ਵੱਖਰੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਫਿਲਹਾਲ ਇਹ ਮਾਮਲੇ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤੇ ਗਏ ਹਨ। ਪੁਲਿਸ ਵੱਲੋਂ ਮੌਕੇ ਦੀਆਂ ਵਾਇਰਲ ਵੀਡੀਓਜ਼ ਅਤੇ ਸੋਸ਼ਲ ਮੀਡੀਆ ਕਲਿੱਪਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਜਾਵੇਗਾ।
ਕੈਂਪਸ ਵਿੱਚ ਹੋਈ ਭੰਨਤੋੜ ਅਤੇ ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਯੂਨੀਵਰਸਿਟੀ ਦੇ ਸੀਸੀਟੀਵੀ (CCTV) ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਖਾਸ ਤੌਰ 'ਤੇ ਉਨ੍ਹਾਂ ਚਿਹਰਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਜੋ ਮੁੱਖ ਢੱਕ ਕੇ ਕੈਂਪਸ ਅੰਦਰ ਦਾਖਲ ਹੋਏ ਸਨ।
ਯੂਨੀਵਰਸਿਟੀ ਦੇ ਡਾਟਾ ਬੈਂਕ ਦੀ ਮਦਦ ਨਾਲ ਇਹ ਵੀ ਸਪੱਸ਼ਟ ਕੀਤਾ ਜਾ ਰਿਹਾ ਹੈ ਕਿ ਹਿੰਸਾ 'ਚ ਸ਼ਾਮਲ ਲੋਕਾਂ 'ਚੋਂ ਕਿੰਨੇ ਅਸਲ ਵਿਦਿਆਰਥੀ ਸਨ ਅਤੇ ਕਿੰਨੇ ਬਾਹਰੀ ਅਰਾਜਕ ਤੱਤ। ਪੂਰੇ ਵਿਵਾਦ ਦੀ ਗੰਭੀਰਤਾ ਨਾਲ ਪੜਤਾਲ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਵੀ ਗਠਨ ਕਰ ਦਿੱਤਾ ਗਿਆ ਹੈ।
Get all latest content delivered to your email a few times a month.