ਤਾਜਾ ਖਬਰਾਂ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਅਤੇ ਭੰਨਤੋੜ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਕੈਂਪਸ ਦੇ ਬਾਹਰ ਸਥਾਪਿਤ 'ਮਿਗ-23UM' ਫਾਈਟਰ ਜੈੱਟ ’ਤੇ ਚੜ੍ਹ ਕੇ ਵਾਇਰਲ ਤਸਵੀਰਾਂ ਖਿਚਵਾਉਣ ਵਾਲੇ ਨਾਬਾਲਗ ਵਿਦਿਆਰਥੀ ਨੂੰ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਹੁਣ ਤੱਕ ਵੱਖ-ਵੱਖ ਧਾਰਾਵਾਂ ਤਹਿਤ 4 ਮਾਮਲੇ ਦਰਜ ਕਰਕੇ ਕੁੱਲ 5 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਲੁੱਟ ਦੀ ਨੀਅਤ ਨਾਲ ਪੁੱਜੇ ਪਿਜ਼ਜ਼ਾ ਡਿਲੀਵਰੀ ਬੁਆਏ ਸ਼ਾਮਲ ਹਨ।
ਯੂਨੀਵਰਸਿਟੀ ਦੇ ਮੁੱਖ ਦੁਆਰ 'ਤੇ ਲੱਗੇ ਜੈੱਟ 'ਤੇ ਚੜ੍ਹ ਕੇ ਬੈਕਗ੍ਰਾਊਂਡ 'ਚ ਅੱਗ ਦੀਆਂ ਲਪਟਾਂ ਨਾਲ ਤਸਵੀਰ ਖਿਚਵਾਉਣ ਵਾਲਾ ਇਹ ਨਾਬਾਲਗ ਸੋਸ਼ਲ ਮੀਡੀਆ 'ਤੇ ਚਰਚਾ ਦਾ ਕੇਂਦਰ ਬਣਿਆ ਹੋਇਆ ਸੀ। ਘਟਨਾ ਤੋਂ ਬਾਅਦ ਜਲੰਧਰ-ਫਗਵਾੜਾ ਪੁਲਿਸ ਦੀ ਵਿਸ਼ੇਸ਼ ਟੀਮ ਨੇ ਕੈਮਰਿਆਂ ਦੀ ਜਾਂਚ ਕੀਤੀ ਅਤੇ LPU ਦੇ ਡਾਟਾਬੇਸ ਨਾਲ ਮਿਲਾਨ ਕਰਕੇ ਉਸ ਦੀ ਪਛਾਣ ਕੀਤੀ। ਮੁਲਜ਼ਮ ਬੀ.ਟੈਕ (ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ) ਦਾ ਵਿਦਿਆਰਥੀ ਹੈ ਅਤੇ ਉਸ ਦੇ ਪਿਤਾ ਮੰਡੀ ਦੇ ਡੀ.ਸੀ. ਦਫ਼ਤਰ ਵਿੱਚ ਅਧਿਕਾਰੀ ਹਨ।
ਜਦੋਂ ਪੁਲਿਸ ਨੇ ਹਿਮਾਚਲ ਪ੍ਰਦੇਸ਼ ਸਥਿਤ ਉਸ ਦੇ ਘਰ ਛਾਪੇਮਾਰੀ ਕੀਤੀ ਤਾਂ ਉਹ ਉੱਥੇ ਹੀ ਮੌਜੂਦ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਨੇ ਵਾਇਰਲ ਹੋਈ ਆਪਣੀ ਤਸਵੀਰ ਨੂੰ ਮੋਬਾਈਲ ਦਾ ਵਾਲਪੇਪਰ ਬਣਾਇਆ ਹੋਇਆ ਸੀ। ਪੁਲਿਸ ਨੇ ਉਸ ਕੋਲੋਂ ਇੱਕ 'ਮੈਕਬੁੱਕ ਐੱਮ5' ਅਤੇ 'ਆਈਫੋਨ 14 ਪ੍ਰੋ' ਬਰਾਮਦ ਕਰਦਿਆਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਘਟਨਾ 'ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ LPU ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ, "ਕੈਂਪਸ ਦੇ ਬਾਹਰ ਲਗਾਇਆ ਗਿਆ ਮਿਗ-23 ਅਤੇ 1971 ਦੀ ਜੰਗ ਦਾ ਬਹਾਦਰ ਟੈਂਕ ਸਾਡੀ ਫੌਜ ਦੇ ਸ਼ੌਰਿਆ ਦਾ ਪ੍ਰਤੀਕ ਹਨ। ਇਹ ਨੌਜਵਾਨਾਂ ਨੂੰ ਦੇਸ਼ ਭਗਤੀ ਦੀ ਪ੍ਰੇਰਨਾ ਦਿੰਦੇ ਹਨ। ਇਨ੍ਹਾਂ 'ਤੇ ਚੜ੍ਹ ਕੇ ਸ਼ਰਾਰਤੀ ਅਨਸਰਾਂ ਨੇ ਰਾਸ਼ਟਰੀ ਧਰੋਹਰ ਅਤੇ ਫੌਜ ਦਾ ਅਪਮਾਨ ਕੀਤਾ ਹੈ, ਜੋ ਬਰਦਾਸ਼ਤ ਕਰਨ ਯੋਗ ਨਹੀਂ ਹੈ।"
ਪੁਲਿਸ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਹਿੰਸਾ ਦੌਰਾਨ ਮਾਹੌਲ ਦਾ ਫਾਇਦਾ ਚੁੱਕ ਕੇ ਲੁੱਟਮਾਰ ਕਰਨ ਦੇ ਇਰਾਦੇ ਨਾਲ ਦੋ ਸਥਾਨਕ ਨੌਜਵਾਨ ਵੀ ਉੱਥੇ ਪਹੁੰਚੇ ਸਨ। ਫਗਵਾੜਾ ਦੇ ਰਹਿਣ ਵਾਲੇ ਗਗਨਦੀਪ ਉਰਫ਼ ਕੋਠਾ ਅਤੇ ਜਸਮੀਤ ਕੁਮਾਰ, ਜੋ ਕਿ ਡੋਮਿਨੋਜ਼ ਵਿੱਚ ਪਿਜ਼ਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰਦੇ ਹਨ, ਨੂੰ ਵੀ CCTV ਫੁਟੇਜ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਸੋਨੀਪਤ (ਹਰਿਆਣਾ) ਦੇ ਜੇਮਸ ਦਹੀਆ ਅਤੇ ਡੋਡਾ (ਜੰਮੂ-ਕਸ਼ਮੀਰ) ਦੇ ਰਹਿਣ ਵਾਲੇ LPU ਵਿਦਿਆਰਥੀ ਸਾਹਿਲ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
ਪੁਲਿਸ ਪ੍ਰਸ਼ਾਸਨ ਮੁਤਾਬਕ ਯੂਨੀਵਰਸਿਟੀ ਹਿੰਸਾ, ਹਾਈਵੇਅ ਜਾਮ ਕਰਨ, ਸਰਕਾਰੀ ਗੱਡੀਆਂ ਨੂੰ ਅੱਗ ਲਗਾਉਣ ਅਤੇ ਤੋੜ-ਫੋੜ ਕਰਨ ਦੇ ਮਾਮਲੇ ਵਿੱਚ ਹੁਣ ਤੱਕ 4 ਵੱਖ-ਵੱਖ FIR ਦਰਜ ਕੀਤੀਆਂ ਗਈਆਂ ਹਨ। ਕਈ ਹੋਰ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਅਤੇ ਪੁਲਿਸ ਦਾ ਦਾਅਵਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
Get all latest content delivered to your email a few times a month.