ਤਾਜਾ ਖਬਰਾਂ
ਪੱਟੀ ਦੀਆਂ ਨੌਜਵਾਨ ਮੁੱਕੇਬਾਜ਼ਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤਰਨਤਾਰਨ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 9 ਤਗਮੇ ਜਿੱਤੇ ਹਨ। ਇਨ੍ਹਾਂ ਵਿੱਚ 6 ਸੋਨ, 2 ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਸ਼ਾਮਲ ਹੈ। ਇਸ ਪ੍ਰਾਪਤੀ ਨਾਲ ਖਿਡਾਰਨਾਂ ਨੇ ਆਪਣੇ ਸਕੂਲ, ਇਲਾਕੇ ਅਤੇ ਤਰਨਤਾਰਨ ਜ਼ਿਲ੍ਹੇ ਦਾ ਮਾਣ ਵਧਾਇਆ ਹੈ।
ਲਾਇਨਜ਼ ਐਮਐਮਏ ਅਤੇ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਨਾਲ ਸਬੰਧਤ ਇਨ੍ਹਾਂ ਖਿਡਾਰਨਾਂ ਦੀ ਇਸ ਕਾਮਯਾਬੀ ਪਿੱਛੇ ਕੋਚ ਹਰਪ੍ਰੀਤ ਸਿੰਘ ਹੈਪੀ ਦੀ ਸਖ਼ਤ ਮਿਹਨਤ ਅਤੇ ਨਿਰੰਤਰ ਸਿਖਲਾਈ ਦਾ ਅਹਿਮ ਯੋਗਦਾਨ ਰਿਹਾ। ਸੋਨ ਤਗਮਾ ਜਿੱਤਣ ਵਾਲੀਆਂ ਖਿਡਾਰਨਾਂ ਵਿੱਚ ਕੌਸ਼ਿਕਪ੍ਰੀਤ ਕੌਰ, ਅਵਦੀਪ ਕੌਰ, ਅਨੂਪਪ੍ਰੀਤ ਕੌਰ, ਮਨਜੋਤ ਕੌਰ, ਪਲਕਦੀਪ ਕੌਰ ਅਤੇ ਮਹਿਕਪ੍ਰੀਤ ਕੌਰ ਸ਼ਾਮਲ ਹਨ।
ਇਸੇ ਤਰ੍ਹਾਂ ਸਿਮਰਨਜੀਤ ਕੌਰ ਅਤੇ ਜਪਨੀਤ ਕੌਰ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ, ਜਦਕਿ ਖੁਸ਼ਨੂਰ ਕੌਰ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਖਿਡਾਰਨਾਂ ਦੀ ਇਸ ਉਪਲਬਧੀ ‘ਤੇ ਕੋਚ ਹਰਪ੍ਰੀਤ ਸਿੰਘ ਹੈਪੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਜਿੱਤ ਹੋਰ ਬੱਚਿਆਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕਰੇਗੀ।
‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਸਰਕਾਰ ਦਾ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲਾ ਉਪਰਾਲਾ ਹੈ, ਜਿਸ ਤਹਿਤ ਵੱਖ-ਵੱਖ ਪੱਧਰਾਂ ‘ਤੇ ਖੇਡ ਮੁਕਾਬਲੇ ਕਰਵਾ ਕੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਜਾਂਦਾ ਹੈ।
Get all latest content delivered to your email a few times a month.