ਤਾਜਾ ਖਬਰਾਂ
ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚੋਂ ਦੱਖਣ-ਪੱਛਮੀ ਮਾਨਸੂਨ ਦੀ ਲਗਭਗ ਪੂਰੀ ਤਰ੍ਹਾਂ ਵਾਪਸੀ ਹੋ ਚੁੱਕੀ ਹੈ, ਜਿਸ ਨਾਲ ਇਲਾਕੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਪੂਰੇ ਉੱਤਰੀ ਭਾਰਤ ਵਿੱਚੋਂ ਮਾਨਸੂਨ ਰੁਖ਼ਸਤ ਹੋ ਚੁੱਕਾ ਹੈ। ਮੌਸਮ ਵਿੱਚ ਆਈ ਤਬਦੀਲੀ ਦੇ ਚੱਲਦਿਆਂ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦਾ ਹਲਕਾ ਉਛਾਲ ਦਰਜ ਕੀਤਾ ਗਿਆ, ਜੋ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਲੰਘੇ ਦਿਨ 37.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ।
ਉੱਤਰੀ ਦਿਸ਼ਾ ਤੋਂ ਆ ਰਹੀਆਂ ਖੁਸ਼ਕ ਹਵਾਵਾਂ ਕਾਰਨ ਅਗਲੇ 48 ਘੰਟਿਆਂ ਦੌਰਾਨ ਧੁੱਪ ਖਿੜੀ ਰਹੇਗੀ। ਹਾਲਾਂਕਿ, ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਰਗਰਮ ਹੋ ਰਹੀ 'ਪੱਛਮੀ ਗੜਬੜੀ' ਕਾਰਨ 6 ਅਤੇ 7 ਅਕਤੂਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ 5 ਤੋਂ 7 ਅਕਤੂਬਰ ਤੱਕ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਵੀ ਬਾਰਿਸ਼ ਦੇ ਆਸਾਰ ਹਨ, ਜਿਸ ਦਾ ਸਿੱਧਾ ਅਸਰ ਪੰਜਾਬ ਦੇ ਤਾਪਮਾਨ 'ਤੇ ਦੇਖਣ ਨੂੰ ਮਿਲੇਗਾ।
ਮੀਂਹ ਦੇ ਇਸ ਸਪੈੱਲ ਤੋਂ ਬਾਅਦ ਪਾਰਾ ਡਿੱਗਣ ਦੀ ਉਮੀਦ ਹੈ, ਜਿਸ ਨਾਲ ਸਵੇਰ ਅਤੇ ਰਾਤ ਦੇ ਸਮੇਂ ਗੁਲਾਬੀ ਠੰਢ ਦਾ ਅਹਿਸਾਸ ਵਧ ਜਾਵੇਗਾ। IMD ਅਨੁਸਾਰ 8 ਤੋਂ 14 ਅਕਤੂਬਰ ਦੇ ਵਿਚਕਾਰ ਇੱਕ ਹੋਰ ਪੱਛਮੀ ਗੜਬੜੀ ਉੱਤਰ-ਪੱਛਮੀ ਭਾਰਤ ਵਿੱਚ ਦਸਤਕ ਦੇ ਸਕਦੀ ਹੈ। ਫਿਲਹਾਲ 10 ਅਕਤੂਬਰ ਤੱਕ ਲਈ ਕੋਈ ਗੰਭੀਰ ਚੇਤਾਵਨੀ (Alert) ਜਾਰੀ ਨਹੀਂ ਕੀਤੀ ਗਈ ਹੈ।
ਦੂਜੇ ਪਾਸੇ, ਐਤਵਾਰ ਸਵੇਰੇ ਪੰਜਾਬ ਵਿੱਚ ਬਿਜਲੀ ਦੀ ਕੁੱਲ ਮੰਗ 9,291 ਮੈਗਾਵਾਟ ਦਰਜ ਕੀਤੀ ਗਈ। ਇਸ ਮੰਗ ਨੂੰ ਪੂਰਾ ਕਰਨ ਲਈ ਸੂਬੇ ਨੇ ਆਪਣੇ ਸਰੋਤਾਂ ਤੋਂ 5,331 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ, ਜਦੋਂ ਕਿ 3,962 ਮੈਗਾਵਾਟ ਬਿਜਲੀ ਬਾਹਰੀ ਨੈੱਟਵਰਕ ਤੋਂ ਪ੍ਰਾਪਤ ਕੀਤੀ ਗਈ। ਨਿਰਧਾਰਤ ਕੋਟੇ (4,105 ਮੈਗਾਵਾਟ) ਦੇ ਮੁਕਾਬਲੇ ਸੂਬੇ ਨੇ 143 ਮੈਗਾਵਾਟ ਘੱਟ ਬਿਜਲੀ ਦੀ ਖਪਤ ਕੀਤੀ।
Get all latest content delivered to your email a few times a month.