ਤਾਜਾ ਖਬਰਾਂ
ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਦੇ ਅੰਦਰੂਨੀ ਮਤਭੇਦ ਉਸ ਸਮੇਂ ਜਨਤਕ ਹੋ ਗਏ, ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PCC) ਦੀ ਡੈਲੀਗੇਟ ਸ਼ਿਵਾਨੀ ਸ਼ਰਮਾ ਦੀ ਸ਼ਿਕਾਇਤ 'ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੌਰਭ ਮਦਾਨ ਉਰਫ਼ ਮਿੱਠੂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਥਾਣਾ ਮਕਬੂਲਪੁਰਾ ਵਿਖੇ ਭਾਰਤੀ ਨਿਆਇ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਵਾਨੀ ਸ਼ਰਮਾ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ, 3 ਅਕਤੂਬਰ ਦੁਪਹਿਰ ਕਰੀਬ 12 ਵਜੇ ਉਹ ਆਪਣੇ ਨਿਊ ਅੰਮ੍ਰਿਤਸਰ ਸਥਿਤ ਘਰ 'ਚ ਮੌਜੂਦ ਸਨ। ਇਸੇ ਦੌਰਾਨ ਸੌਰਭ ਮਦਾਨ ਆਪਣੇ ਗਨਮੈਨ ਅਤੇ ਡਰਾਈਵਰ ਨਾਲ ਫਾਰਚੂਨਰ ਗੱਡੀ 'ਚ ਉਨ੍ਹਾਂ ਦੇ ਘਰ ਪਹੁੰਚੇ। ਦੋਸ਼ ਹੈ ਕਿ ਗੱਲਬਾਤ ਦੌਰਾਨ ਮਦਾਨ ਨੇ ਬਦਤਮੀਜ਼ੀ ਅਤੇ ਗਾਲੀ-ਗਲੌਚ ਕੀਤੀ। ਜਦੋਂ ਸ਼ਿਵਾਨੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਧੱਕਾ ਦੇ ਕੇ ਹੇਠਾਂ ਡੇਗ ਦਿੱਤਾ ਗਿਆ। ਇਸ ਤੋਂ ਇਲਾਵਾ ਘਰ ਦੇ ਬਾਹਰ ਰੱਖੇ ਗਮਲੇ ਤੋੜਨ ਅਤੇ ਕੰਮ ਕਰਨ ਵਾਲੀਆਂ ਔਰਤਾਂ ਨਾਲ ਵੀ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ।
ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਸੌਰਭ ਮਦਾਨ ਨੇ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਸ਼ਿਵਾਨੀ ਦੇ ਘਰ ਦੇ ਅੰਦਰ ਨਹੀਂ ਗਏ ਸਨ ਅਤੇ ਸਿਰਫ਼ ਗੇਟ 'ਤੇ ਹੀ ਖੜ੍ਹੇ ਰਹੇ। ਮਦਾਨ ਅਨੁਸਾਰ ਸ਼ਿਵਾਨੀ ਦੇ ਪਰਿਵਾਰ ਨੇ ਪਰਿਵਾਰਕ ਮੈਂਬਰ ਨੂੰ ਵਿਦੇਸ਼ ਭੇਜਣ ਬਦਲੇ ਉਨ੍ਹਾਂ ਦੇ 12 ਲੱਖ ਰੁਪਏ ਦੇਣੇ ਹਨ, ਜਿਸ ਦਾ ਪੂਰਾ ਰਿਕਾਰਡ ਉਨ੍ਹਾਂ ਕੋਲ ਮੌਜੂਦ ਹੈ ਅਤੇ ਪੈਸਿਆਂ ਦੇ ਲੈਣ-ਦੇਣ ਕਾਰਨ ਹੀ ਉਨ੍ਹਾਂ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ।
ਥਾਣਾ ਮਕਬੂਲਪੁਰਾ ਪੁਲਿਸ ਨੇ ਸ਼ਿਵਾਨੀ ਸ਼ਰਮਾ ਦੇ ਬਿਆਨਾਂ 'ਤੇ BNS ਦੀਆਂ ਧਾਰਾਵਾਂ 115(2), 324(4), 79 ਅਤੇ 333 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਸੱਚਾਈ ਦਾ ਪਤਾ ਲਗਾਇਆ ਜਾ ਰਿਹਾ ਹੈ।
Get all latest content delivered to your email a few times a month.