ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਅਧੀਨ ਆਉਂਦੇ ਪਾਂਵਟਾ ਸਾਹਿਬ ਵਿਖੇ ਸ਼ਨੀਵਾਰ ਦੇਰ ਰਾਤ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਗੋਵਿੰਦਘਾਟ ਬੈਰੀਅਰ ਨੇੜੇ ਯਮੁਨਾ ਪੁਲ 'ਤੇ ਇੱਕ ਤੇਜ਼ ਰਫ਼ਤਾਰ ਕਾਰ ਅੱਗੇ ਜਾ ਰਹੇ ਡੰਪਰ (ਟਰੱਕ) ਨਾਲ ਟਰਕਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਕਰੀਬ 11 ਵਜੇ ਵਾਪਰਿਆ, ਜਦੋਂ ਕਾਰ ਸਵਾਰ ਪਾਂਵਟਾ ਸਾਹਿਬ ਤੋਂ ਦੇਹਰਾਦੂਨ ਵੱਲ ਜਾ ਰਹੇ ਸਨ।
ਇਹ ਹਾਦਸਾ ਹਿਮਾਚਲ-ਉੱਤਰਾਖੰਡ ਸਰਹੱਦ 'ਤੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਤਿੰਨਾਂ ਮ੍ਰਿਤਕਾਂ ਦੀ ਪਛਾਣ ਤਰਸੇਮ ਸਿੰਘ (32 ਸਾਲ), ਅਮਿਤ ਕੁਮਾਰ (37 ਸਾਲ) ਅਤੇ ਸੋਨੂ ਵਜੋਂ ਹੋਈ ਹੈ। ਮ੍ਰਿਤਕ ਸਿਰਮੌਰ, ਮੁਜ਼ੱਫਰਨਗਰ ਅਤੇ ਨੋਇਡਾ ਦੇ ਰਹਿਣ ਵਾਲੇ ਸਨ। ਪੁਲਿਸ ਅਨੁਸਾਰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਲੱਗਦਿਆਂ ਹੀ ਕਾਰ ਦੇ ਪਰਖੱਚੇ ਉੱਡ ਗਏ। ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਾਰ ਵਿੱਚ ਸਵਾਰ ਤਿੰਨੋਂ ਜਣੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਏ। ਗੰਭੀਰ ਸੱਟਾਂ ਲੱਗਣ ਕਾਰਨ ਤਿੰਨਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਸਥਾਨਕ ਲੋਕਾਂ ਦੀ ਸੂਚਨਾ 'ਤੇ ਪਾਂਵਟਾ ਸਾਹਿਬ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ 108 ਐਂਬੂਲੈਂਸ ਰਾਹੀਂ ਤਿੰਨਾਂ ਨੂੰ ਸਿਵਲ ਹਸਪਤਾਲ ਪਾਂਵਟਾ ਸਾਹਿਬ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਡੰਪਰ ਚਾਲਕ ਦੀ ਭਾਲ ਜਾਰੀ ਹੈ।
ਦੂਜੇ ਪਾਸੇ, ਮਨਾਲੀ ਤੋਂ ਪਠਾਨਕੋਟ ਜਾ ਰਹੀ ਹਿਮਾਚਲ ਰੋਡਵੇਜ਼ ਦੀ ਇੱਕ ਬੱਸ ਸ਼ਨੀਵਾਰ ਨੂੰ ਕੁੱਲੂ ਜ਼ਿਲ੍ਹੇ ਦੇ ਬਾਸ਼ਿੰਗ ਨੇੜੇ ਪਲਟ ਗਈ, ਜਿਸ ਕਾਰਨ ਛੇ ਲੋਕ ਮਾਮੂਲੀ ਜ਼ਖ਼ਮੀ ਹੋ ਗਏ। ਕੁੱਲੂ ਦੇ ਐੱਸ.ਪੀ. ਅਭਿਸ਼ੇਕ ਸ਼ੇਖਰ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ। ਚਾਲਕ ਦਾ ਵਾਹਨ ਤੋਂ ਸੰਤੁਲਨ ਵਿਗੜਨ ਕਾਰਨ ਬੱਸ ਸੜਕ 'ਤੇ ਪਲਟ ਗਈ, ਜਿਸ ਵਿੱਚ ਚਾਲਕ ਅਤੇ ਪਰਿਚਾਲਕ ਸਮੇਤ ਛੇ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਨੇ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਕੁੱਲੂ ਦੇ ਖੇਤਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਇਸ ਤੋਂ ਪਹਿਲਾਂ ਹਿਮਾਚਲ 'ਚ ਪੀਰ ਨਿਗਾਹ ਨੇੜੇ ਖੱਡ 'ਚ ਟਰੱਕ ਡਿੱਗਣ ਨਾਲ 50 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ ਸਨ।
Get all latest content delivered to your email a few times a month.