ਤਾਜਾ ਖਬਰਾਂ
ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨਾਲ ਸੋਨ ਤਗਮਾ ਜਿੱਤ ਕੇ ਵਤਨ ਪਰਤੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੱਕਾ ਕੰਡਿਆਲਾ ਦੀ ਹੋਣਹਾਰ ਖਿਡਾਰਨ ਬਲਜੀਤ ਕੌਰ ਦਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ, ਕੋਚ ਸ਼ਰਨਜੀਤ ਸਿੰਘ ਅਤੇ ਦਵਿੰਦਰ ਸਿੰਘ ਨੇ ਬਲਜੀਤ ਕੌਰ ਦਾ ਸਨਮਾਨ ਨਾਲ ਸਵਾਗਤ ਕੀਤਾ।
ਬਲਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ, ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਨੇ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਧੀ ਦਾ ਹੌਸਲਾ ਵਧਾਇਆ। ਇਸ ਦੌਰਾਨ ਫੁੱਲਾਂ ਦੀ ਵਰਖਾ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਢੋਲ ਦੀਆਂ ਧੁਨਾਂ ’ਤੇ ਭੰਗੜਾ ਪਾ ਕੇ ਜਸ਼ਨ ਮਨਾਇਆ ਗਿਆ।
ਜਾਪਾਨ ਦੇ ਆਈਚੀ-ਨਾਗੋਆ ਵਿੱਚ ਹੋਈਆਂ 20ਵੀਆਂ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨੂੰ ਹਰਾ ਕੇ ਸੋਨ ਤਗਮਾ ਆਪਣੇ ਨਾਂ ਕੀਤਾ। ਇਸ ਇਤਿਹਾਸਕ ਜਿੱਤ ਵਾਲੀ ਟੀਮ ਵਿੱਚ ਬਲਜੀਤ ਕੌਰ ਪੰਜਾਬ ਦੀ ਇਕਲੌਤੀ ਖਿਡਾਰਨ ਸੀ।
ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਕਿਹਾ ਕਿ ਪਿੰਡ ਕੱਕਾ ਕੰਡਿਆਲਾ ਦੀ ਧੀ ਬਲਜੀਤ ਕੌਰ ਨੇ ਆਪਣੀ ਮਿਹਨਤ ਅਤੇ ਖੇਡ ਪ੍ਰਤਿਭਾ ਨਾਲ ਮਾਪਿਆਂ, ਪਿੰਡ, ਤਰਨ ਤਾਰਨ ਜ਼ਿਲ੍ਹੇ, ਪੰਜਾਬ ਅਤੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਬਲਜੀਤ ਕੌਰ ਦੀ ਕਾਮਯਾਬੀ ਹੋਰਨਾਂ ਧੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ ਅਤੇ ਉਨ੍ਹਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ।
ਭਾਰਤੀ ਮਹਿਲਾ ਹਾਕੀ ਟੀਮ ਦੀ ਇਹ ਜਿੱਤ ਹੋਰ ਵੀ ਖਾਸ ਹੈ ਕਿਉਂਕਿ ਟੀਮ ਨੇ ਏਸ਼ਿਆਈ ਖੇਡਾਂ ਵਿੱਚ 44 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸੋਨ ਤਗਮਾ ਹਾਸਲ ਕੀਤਾ ਹੈ। ਇਸ ਜਿੱਤ ਨਾਲ ਭਾਰਤ ਨੇ 2028 ਲਾਸ ਏਂਜਲਸ ਓਲੰਪਿਕ ਲਈ ਵੀ ਸਿੱਧੀ ਯੋਗਤਾ ਹਾਸਲ ਕਰ ਲਈ ਹੈ।
Get all latest content delivered to your email a few times a month.