ਤਾਜਾ ਖਬਰਾਂ
ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਮਾਮਲੇ ਦੇ ਮੁੱਖ ਸ਼ੂਟਰ ਪਰਮਿੰਦਰ ਸਿੰਘ ਉਰਫ਼ ਕਾਕਾ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਮੁਤਾਬਕ ਇਸ ਕੇਸ ਵਿੱਚ ਹੁਣ ਤੱਕ 6 ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ।
ਪੁਲਿਸ ਅਨੁਸਾਰ ਲੋਹੀਆਂ ਖਾਸ, ਜਲੰਧਰ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ 5 ਮਾਮਲੇ ਦਰਜ ਹਨ। ਪੰਜਾਬ ਪੁਲਿਸ ਦੀ ਸੀਆਈਏ ਟੀਮ ਅਹਿਮਦਾਬਾਦ ਪਹੁੰਚ ਕੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਲਿਆਵੇਗੀ, ਜਿੱਥੇ ਪੁੱਛਗਿੱਛ ਦੌਰਾਨ ਕਤਲ ਦੀ ਸਾਜ਼ਿਸ਼ ਨਾਲ ਜੁੜੀਆਂ ਹੋਰ ਕੜੀਆਂ ਖੰਗਾਲੀਆਂ ਜਾਣਗੀਆਂ।
ਜਾਂਚ ਦੌਰਾਨ ਪੁਲਿਸ ਨੂੰ ਪਰਮਿੰਦਰ ਦੇ ਭਰਾ ਅਮਨਦੀਪ ਸਿੰਘ ਦੇ ਬੈਂਕ ਖਾਤੇ ਤੋਂ ਵੀ ਅਹਿਮ ਸੁਰਾਗ ਮਿਲੇ। ਪੁਲਿਸ ਮੁਤਾਬਕ ਵਿਦੇਸ਼ ਬੈਠੇ ਕੁਝ ਅਪਰਾਧਿਕ ਤੱਤਾਂ ਵੱਲੋਂ ਅਮਨਦੀਪ ਦੇ ਖਾਤੇ ਵਿੱਚ 16 ਹਜ਼ਾਰ ਰੁਪਏ ਭੇਜੇ ਗਏ ਸਨ। ਇਸ ਰਕਮ ਵਿੱਚੋਂ 11 ਹਜ਼ਾਰ ਰੁਪਏ ਪਰਮਿੰਦਰ ਦੇ ਖਾਤੇ ਅਤੇ 5 ਹਜ਼ਾਰ ਰੁਪਏ ਪਰਮਵੀਰ ਸਿੰਘ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ। ਪੁਲਿਸ ਦਾ ਦਾਅਵਾ ਹੈ ਕਿ ਪਰਮਵੀਰ ਨੇ ਕਥਿਤ ਤੌਰ ’ਤੇ ਹਥਿਆਰ ਅਤੇ ਹੋਰ ਲੌਜਿਸਟਿਕਸ ਮੁਹੱਈਆ ਕਰਵਾਏ ਸਨ।
ਅਮਨਦੀਪ ਨੂੰ ਜਾਂਚ ਦੇ ਘੇਰੇ ਵਿੱਚ ਲੈ ਕੇ ਕੀਤੀ ਗਈ ਟੈਕਨੀਕਲ ਜਾਂਚ ਤੋਂ ਬਾਅਦ ਪੁਲਿਸ ਨੂੰ ਪਰਮਿੰਦਰ ਦੀ ਲੋਕੇਸ਼ਨ ਬਾਰੇ ਸੁਰਾਗ ਮਿਲਿਆ। ਪੁਲਿਸ ਕਮਿਸ਼ਨਰ ਮੁਤਾਬਕ ਵਾਰਦਾਤ ਤੋਂ ਬਾਅਦ ਪਰਮਿੰਦਰ ਆਪਣੇ ਭਰਾ ਦੇ ਸੰਪਰਕ ਵਿੱਚ ਸੀ। ਪੈਸੇ ਖ਼ਤਮ ਹੋਣ ’ਤੇ ਉਸ ਨੇ ਅਮਨਦੀਪ ਨਾਲ ਸੰਪਰਕ ਕੀਤਾ। ਇਸ ਦੌਰਾਨ ਪੁਲਿਸ ਨੇ ਅਮਨਦੀਪ ਰਾਹੀਂ ਇੱਕ ਕੋਡ ਸਕੈਨ ਕਰਵਾਇਆ, ਜਿਸ ਦੀ ਮਦਦ ਨਾਲ ਮੁੱਖ ਸ਼ੂਟਰ ਦੀ ਲੋਕੇਸ਼ਨ ਤੱਕ ਪਹੁੰਚਣ ਵਿੱਚ ਸਫਲਤਾ ਮਿਲੀ।
ਇਸ ਤੋਂ ਬਾਅਦ ਗੁਜਰਾਤ ਪੁਲਿਸ ਦੀ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਪਰਮਿੰਦਰ ਨੂੰ ਕਾਬੂ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਅਹਿਮਦਾਬਾਦ ਵਿੱਚ ਹੋਰ ਵਿਅਕਤੀਆਂ ਦੀ ਮੌਜੂਦਗੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਫੜੇ ਗਏ ਲੋਕਾਂ ਵਿੱਚ ਦੂਜਾ ਸ਼ੂਟਰ ਵੀ ਹੋਣ ਦੀ ਸੰਭਾਵਨਾ ਹੈ।
ਇਸ ਕੇਸ ਵਿੱਚ ਪਰਮਿੰਦਰ ਸਿੰਘ ਉਰਫ਼ ਕਾਕਾ, ਅਮਨਦੀਪ ਸਿੰਘ, ਪਰਮਵੀਰ ਸਿੰਘ, ਬਲਰਾਜ ਸਿੰਘ ਬੰਟੀ, ਵਿਕਾਸ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਦੂਜੇ ਸ਼ੂਟਰ ਦੀ ਪਛਾਣ ਵੀ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
Get all latest content delivered to your email a few times a month.