ਤਾਜਾ ਖਬਰਾਂ
ਲਹਿਰਾਗਾਗਾ–ਜਾਖਲ ਮੁੱਖ ਮਾਰਗ ’ਤੇ ਪਿੰਡ ਅਲੀਸ਼ੇਰ ਨੇੜੇ ਹੋਏ ਭਿਆਨਕ ਸੜਕ ਹਾਦਸੇ ਤੋਂ ਬਾਅਦ ਪੈਦਾ ਹੋਇਆ ਤਣਾਅ ਅੱਜ ਉਸ ਵੇਲੇ ਸ਼ਾਂਤ ਹੋ ਗਿਆ, ਜਦੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੀੜਤ ਪੱਖ ਦੀ ਐਕਸ਼ਨ ਕਮੇਟੀ ਵਿਚਕਾਰ ਮੰਗਾਂ ’ਤੇ ਪੂਰੀ ਸਹਿਮਤੀ ਬਣ ਗਈ। ਇਸ ਸਮਝੌਤੇ ਤੋਂ ਬਾਅਦ ਲਗਾਤਾਰ ਚੱਲ ਰਿਹਾ ਧਰਨਾ ਚੁੱਕ ਲਿਆ ਗਿਆ ਹੈ ਅਤੇ ਜਾਮ ਕੀਤਾ ਗਿਆ ਰੋਡ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਲੂ ਕੰਢੇ ਖੜ੍ਹੇ ਕਰਨ ਵਾਲੇ ਹਾਦਸੇ ਵਿੱਚ ਮਨਰੇਗਾ ਤਹਿਤ ਮਸ਼ੱਕਤ ਕਰ ਰਹੇ 8 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ ਸੀ, ਜਦਕਿ 12 ਤੋਂ ਵੱਧ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਅਤੇ ਨੌਕਰੀਆਂ ਦਿਵਾਉਣ ਲਈ ਪਿੰਡ ਵਾਸੀਆਂ ਤੇ ਜਨਤਕ ਜਥੇਬੰਦੀਆਂ ਵੱਲੋਂ ਮਾਰਗ 'ਤੇ ਚੱਕਾ ਜਾਮ ਕੀਤਾ ਗਿਆ ਸੀ।
ਅੱਜ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ, ਏ.ਡੀ.ਸੀ., ਐੱਸ.ਪੀ. (ਡੀ) ਅਤੇ ਧਰਨਾਕਾਰੀਆਂ ਦੀ ਐਕਸ਼ਨ ਕਮੇਟੀ ਦੇ ਆਗੂਆਂ ਵਿਚਕਾਰ ਲੰਬੀ ਚਰਚਾ ਹੋਈ। ਮੀਟਿੰਗ ਦੌਰਾਨ ਪੀੜਤਾਂ ਦੀਆਂ ਮੰਗਾਂ ਪ੍ਰਸ਼ਾਸਨ ਅੱਗੇ ਰੱਖੀਆਂ ਗਈਆਂ, ਜਿਨ੍ਹਾਂ 'ਤੇ ਲੰਬੀ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੇਠ ਲਿਖੀਆਂ ਮੁੱਖ ਸ਼ਰਤਾਂ 'ਤੇ ਪ੍ਰਸ਼ਾਸਨ ਨੇ ਸਹਿਮਤੀ ਪ੍ਰਗਟਾਈ:
ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਠੇਕੇ ਦੇ ਆਧਾਰ 'ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ 10-10 ਲੱਖ ਰੁਪਏ ਅਤੇ ਹੋਰ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਘਟਨਾ ਵਾਲੇ ਸਥਾਨ 'ਤੇ ਕੰਮ ਕਰ ਰਹੇ ਮਨਰੇਗਾ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣ 'ਤੇ ਵੀ ਪ੍ਰਸ਼ਾਸਨ ਨੇ ਹਾਮੀ ਭਰੀ ਹੈ।
ਮੀਟਿੰਗ ਦੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਬਿੱਕਰ ਸਿੰਘ ਅਥੋਹਾ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਸਹਿਮਤੀ ਬਣਨ ਤੋਂ ਬਾਅਦ ਵੀਰਵਾਰ ਨੂੰ ਮ੍ਰਿਤਕਾਂ ਦੀਆਂ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਪਿੰਡ ਅਲੀਸ਼ੇਰ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
Get all latest content delivered to your email a few times a month.