ਤਾਜਾ ਖਬਰਾਂ
ਤਰਨਤਾਰਨ ਜ਼ਿਲ੍ਹੇ ਦੇ ਅਧੀਨ ਪੈਂਦੇ ਕਸਬੇ ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਇੱਕ ਬੇਹੱਦ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ ਬਾਈਕ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਇੱਕ ਸੈਲੂਨ ਦੇ ਅੰਦਰ ਵੜ ਕੇ ਇੱਕ ਵਿਅਕਤੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਖ਼ੌਫ਼ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ (ਪੁੱਤਰ ਗੁਲਜ਼ਾਰ ਸਿੰਘ), ਨਿਵਾਸੀ ਨੌਸ਼ਹਿਰਾ ਪੰਨੂਆਂ ਵਜੋਂ ਹੋਈ ਹੈ, ਜੋ ਪੇਂਟ ਦਾ ਕੰਮ ਕਰਦਾ ਸੀ। ਬੁੱਧਵਾਰ ਸ਼ਾਮ ਲਗਭਗ 6:30 ਵਜੇ ਕੁਲਦੀਪ ਸਿੰਘ ਸਥਾਨਕ ਚੌਕ 'ਚ ਸਥਿਤ ਇੱਕ ਸੈਲੂਨ 'ਚ ਵਾਲ ਕਟਵਾਉਣ ਲਈ ਗਿਆ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਨਕਾਬਪੋਸ਼ਾਂ ਨੇ ਦੁਕਾਨ ਅੰਦਰ ਵੜਦਿਆਂ ਹੀ ਉਸ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਕਈ ਗੋਲੀਆਂ ਲੱਗਣ ਕਾਰਨ ਕੁਲਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਣ 'ਚ ਸਫਲ ਰਹੇ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਰਹਾਲੀ ਦੀ ਪੁਲਿਸ ਅਤੇ ਨੌਸ਼ਹਿਰਾ ਪੰਨੂਆਂ ਚੌਕੀ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀ ਪਛਾਣ ਅਤੇ ਸੁਰਾਗ ਲਗਾਉਣ ਲਈ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਾਲੀ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Get all latest content delivered to your email a few times a month.