ਤਾਜਾ ਖਬਰਾਂ
ਕਪੂਰਥਲਾ ਜ਼ਿਲ੍ਹੇ ਦੇ ਥਾਣਾ ਸੁਭਾਨਪੁਰ ਅਧੀਨ ਆਉਂਦੇ ਇੱਕ ਪਿੰਡ ਵਿੱਚ ਦੋ ਨਾਬਾਲਗ ਸਕੇ ਭਰਾਵਾਂ ਦੇ ਕਥਿਤ ਤੌਰ ’ਤੇ ਨਸ਼ੇ ਦੀ ਲਤ ਦਾ ਸ਼ਿਕਾਰ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਬੱਚਿਆਂ ਦੀ ਉਮਰ 10 ਅਤੇ 13 ਸਾਲ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਇੱਕ ਬੱਚੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਆਪਣੀ ਸੁਰੱਖਿਆ ਹੇਠ ਲਿਆ ਅਤੇ ਸਿਵਲ ਹਸਪਤਾਲ ਕਪੂਰਥਲਾ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ।
ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਡਾਕਟਰੀ ਟੀਮ ਵੱਲੋਂ ਬਾਲ ਰੋਗ ਮਾਹਿਰਾਂ ਅਤੇ ਨਸ਼ਾ ਛੁਡਾਊ ਕੇਂਦਰ ਦੇ ਮਾਹਿਰਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ, ਤਾਂ ਜੋ ਬੱਚਿਆਂ ਨੂੰ ਲੋੜੀਂਦੀ ਦੇਖਭਾਲ ਮੁਹੱਈਆ ਕਰਵਾਈ ਜਾ ਸਕੇ।
ਬੱਚਿਆਂ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ। ਕੰਮ ’ਤੇ ਜਾਣ ਸਮੇਂ ਬੱਚੇ ਘਰ ਰਹਿੰਦੇ ਸਨ ਅਤੇ ਉਸ ਨੂੰ ਉਨ੍ਹਾਂ ਦੇ ਨਸ਼ੇ ਦੀ ਲਪੇਟ ਵਿੱਚ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਥਾਣਾ ਸੁਭਾਨਪੁਰ ਦੇ ਮੁਖੀ ਅਮਨਦੀਪ ਨਾਹਰ ਅਨੁਸਾਰ, ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਬੱਚੇ ਨਸ਼ੇ ਦੇ ਸੰਪਰਕ ਵਿੱਚ ਕਿਵੇਂ ਆਏ ਅਤੇ ਇਸ ਪਿੱਛੇ ਕਿਸੇ ਵਿਅਕਤੀ ਦੀ ਭੂਮਿਕਾ ਤਾਂ ਨਹੀਂ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਦੌਰਾਨ ਜੇਕਰ ਕਿਸੇ ਵੱਲੋਂ ਬੱਚਿਆਂ ਨੂੰ ਨਸ਼ਾ ਮੁਹੱਈਆ ਕਰਵਾਉਣ ਜਾਂ ਇਸ ਪਾਸੇ ਧੱਕਣ ਦੇ ਸਬੂਤ ਮਿਲੇ, ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.