ਤਾਜਾ ਖਬਰਾਂ
ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਸਨਮੁੱਖ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਿਸ਼ੇਸ਼ ਫੁੱਲਾਂ ਦੀ ਲੌਕਿਕ ਸਜਾਵਟ ਦਾ ਕਾਰਜ ਪੂਰੀ ਸ਼ਰਧਾ ਨਾਲ ਆਰੰਭ ਹੋ ਗਿਆ ਹੈ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਸੇਵਾਦਾਰਾਂ ਨੇ ਇਸ ਸੇਵਾ ਦੀ ਸ਼ੁਰੂਆਤ ਕੀਤੀ। ਇਸ ਉਪਰਾਲੇ ਦਾ ਮੁੱਖ ਮੰਤਵ ਦੇਸ਼-ਵਿਦੇਸ਼ ਤੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪੁੱਜ ਰਹੀਆਂ ਸੰਗਤਾਂ ਅਤੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕਰਨਾ ਹੈ।
ਹਵਾਈ ਅੱਡੇ ਦੇ ਪ੍ਰਬੰਧਨ ਅਤੇ ਸੇਵਾਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਅਰਾਈਵਲ (ਪਹੁੰਚਣ) ਅਤੇ ਡਿਪਾਰਚਰ (ਰਵਾਨਗੀ) ਹਾਲਾਂ ਤੋਂ ਇਲਾਵਾ ਇਮੀਗ੍ਰੇਸ਼ਨ ਕਾਊਂਟਰਾਂ ਵਰਗੀਆਂ ਪ੍ਰਮੁੱਖ ਥਾਵਾਂ ਨੂੰ ਵੀ ਮਨਮੋਹਕ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਯਾਤਰੀਆਂ ਅਤੇ ਸੰਗਤ ਲਈ ਵਿਸ਼ੇਸ਼ ਆਕਰਸ਼ਣ ਵਜੋਂ ਹਵਾਈ ਅੱਡੇ ਪਰਿਸਰ 'ਚ ਗੁਰੂ ਸਾਹਿਬਾਨ ਦੇ ਸਰੂਪ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇੱਕ ਵਿਸ਼ਾਲ ਤੇ ਆਕਰਸ਼ਕ ਮਾਡਲ ਵੀ ਸੁਸ਼ੋਭਿਤ ਕੀਤਾ ਗਿਆ ਹੈ।
ਇਸ ਵਿਸ਼ੇਸ਼ ਸਜਾਵਟ ਲਈ ਦੇਸ਼ ਅਤੇ ਵਿਦੇਸ਼ ਤੋਂ ਲਗਭਗ 25 ਤੋਂ 30 ਵੱਖ-ਵੱਖ ਕਿਸਮਾਂ ਦੇ ਤਾਜ਼ਾ ਤੇ ਮਨਮੋਹਕ ਫੁੱਲ ਮੰਗਵਾਏ ਗਏ ਹਨ। ਦਿੱਲੀ ਅਤੇ ਕਲਕੱਤਾ ਤੋਂ ਆਏ ਮਾਹਰ ਕਾਰੀਗਰ, ਸੇਵਾਦਾਰਾਂ ਅਤੇ ਸ਼ਰਧਾਲੂਆਂ ਨਾਲ ਮਿਲ ਕੇ ਇਸ ਕਾਰਜ ਨੂੰ ਅੰਤਿਮ ਛੋਹਾਂ ਦੇ ਰਹੇ ਹਨ।
ਦੱਸਣਯੋਗ ਹੈ ਕਿ ਫੁੱਲਾਂ ਦੀ ਇਹ ਖੂਬਸੂਰਤ ਸੇਵਾ ਕੇਵਲ ਹਵਾਈ ਅੱਡੇ ਤੱਕ ਹੀ ਸੀਮਤ ਨਹੀਂ ਰਹੇਗੀ, ਸਗੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਅਜਿਹੀ ਹੀ ਨਿਵੇਕਲੀ ਸਜਾਵਟ ਕੀਤੀ ਜਾ ਰਹੀ ਹੈ। ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮਾਂ ਅਤੇ ਕੀਰਤਨ ਦਰਬਾਰਾਂ ਤੱਕ ਇਹ ਸੇਵਾ ਨਿਰੰਤਰ ਜਾਰੀ ਰਹੇਗੀ, ਜੋ ਅੰਮ੍ਰਿਤਸਰ ਪਹੁੰਚ ਰਹੇ ਸ਼ਰਧਾਲੂਆਂ 'ਚ ਅਲੌਕਿਕ ਉਤਸ਼ਾਹ ਤੇ ਸ਼ਰਧਾ ਦਾ ਸੰਚਾਰ ਕਰ ਰਹੀ ਹੈ।
Get all latest content delivered to your email a few times a month.