ਤਾਜਾ ਖਬਰਾਂ
ਨਸ਼ਿਆਂ ਦੇ ਦੈਤ ਨੇ ਅੱਜ ਇੱਕ ਹੋਰ ਚੜ੍ਹਦੀ ਜਵਾਨੀ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਕੇ ਘਰ ਦਾ ਚਿਰਾਗ ਬੁਝਾ ਦਿੱਤਾ ਹੈ। ਜਗਰਾਓਂ ਨੇੜਲੇ ਪਿੰਡ ਹਠੂਰ ਦੇ ਰਹਿਣ ਵਾਲੇ ਅਤੇ 'ਬੈਲ ਖੇਡਾਂ' ਦੇ ਚਰਚਿਤ 24 ਸਾਲਾ ਪ੍ਰਮੋਟਰ ਬਲਕਰਨ ਸਿੰਘ (ਕਰਨ ਬੁੱਟਰ) ਪੁੱਤਰ ਬਲਜੀਤ ਸਿੰਘ ਦੀ ਅੱਜ ਤੜਕੇ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸ਼ੋਕ ਦੇ ਨਾਲ-ਨਾਲ ਨਸ਼ਾ ਤਸਕਰਾਂ ਖਿਲਾਫ਼ ਭਾਰੀ ਰੋਸ ਪਾਇਆ ਜਾ ਰਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੂੰ ਕੁਝ ਮਹੀਨੇ ਪਹਿਲਾਂ ਹੀ ਪਰਿਵਾਰ ਵਲੋਂ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਉਹ ਨਸ਼ੇ ਦੀ ਭੈੜੀ ਲਤ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕਿਆ ਸੀ। ਦੱਸਿਆ ਜਾ ਰਿਹਾ ਹੈ ਕਿ ਲੰਘੀ ਸ਼ਾਮ ਬਲਕਰਨ ਰਾਏਕੋਟ ਵੱਲ ਗਿਆ ਸੀ, ਜਿੱਥੋਂ ਉਹ ਨਸ਼ਾ ਖਰੀਦ ਕੇ ਪਰਤਿਆ। ਅੱਜ ਤੜਕੇ ਕਰੀਬ 6 ਵਜੇ ਜਦੋਂ ਮ੍ਰਿਤਕ ਦੀ ਦਾਦੀ ਗੁਰਦੁਆਰਾ ਸਾਹਿਬ ਤੋਂ ਨਤਮਸਤਕ ਹੋ ਕੇ ਘਰ ਪਰਤੀ, ਤਾਂ ਉਸ ਨੇ ਬਲਕਰਨ ਨੂੰ ਬੇਸੁੱਧ ਹਾਲਤ ਵਿੱਚ ਦੇਖਿਆ, ਜਿਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਘਟਨਾ ਤੋਂ ਬਾਅਦ ਮ੍ਰਿਤਕ ਦੇ ਪਿਤਾ ਬਲਜੀਤ ਸਿੰਘ, ਚਾਚਾ ਸੁਖਦੇਵ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਨੇ ਦੁੱਖ ਪ੍ਰਗਟਾਉਂਦਿਆਂ ਦੋਸ਼ ਲਗਾਇਆ ਕਿ ਹਠੂਰ, ਰਾਏਕੋਟ ਅਤੇ ਜਗਰਾਓਂ ਖੇਤਰ ਵਿੱਚ ਚਿੱਟਾ (ਚਿੱਟੇ ਦਾ ਨਸ਼ਾ) ਅਤੇ ਨਸ਼ੀਲੀਆਂ ਗੋਲੀਆਂ ਸ਼ਰੇਆਮ ਵਿਕ ਰਹੀਆਂ ਹਨ। ਉਨ੍ਹਾਂ ਨੇ ਮ੍ਰਿਤਕ ਦੀ ਜੇਬ 'ਚੋਂ ਮਿਲੇ ਚਿੱਟੇ ਦੇ ਲਿਫ਼ਾਫ਼ੇ ਅਤੇ 'ਪ੍ਰੈਗਾ' ਕੈਪਸੂਲ ਦਿਖਾਉਂਦੇ ਹੋਏ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਚੁੱਕੇ।
ਉੱਧਰ, ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਠੂਰ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਮਨੋਹਰ ਲਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਬਾਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਤੱਥ ਸਾਹਮਣੇ ਲਿਆਂਦੇ ਜਾਣਗੇ।
Get all latest content delivered to your email a few times a month.