ਤਾਜਾ ਖਬਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮੁੱਚੇ ਖਾਲਸਾ ਪੰਥ ਵੱਲੋਂ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀ ਮਜ਼ਬੂਤੀ ਅਤੇ ਨਸ਼ਾ ਵਿਰੋਧੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਵਿਸ਼ੇਸ਼ ਅਰਦਾਸ ਕੀਤੀ ਗਈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ (ਬਾਬਾ) ਟੇਕ ਸਿੰਘ ਜੀ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਨਾਲ ਅਜਿਹਾ ਬੇਗਾਨਗੀ ਭਰਿਆ ਵਤੀਰਾ ਕੀਤਾ ਜਾ ਰਿਹਾ ਹੈ, ਜਿਵੇਂ ਉਹ ਇਸ ਦੇਸ਼ ਦੇ ਨਾਗਰਿਕ ਨਾ ਹੋ ਕੇ ਕਿਸੇ ਹੋਰ ਮੁਲਕ ਦੇ ਵਸਨੀਕ ਹੋਣ।
ਜਥੇਦਾਰ ਸਾਹਿਬ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਇੱਕ ਨੌਜਵਾਨ ਦੀ ਨਸ਼ੇ ਕਾਰਨ ਹੋਈ ਅਣਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਲੰਘੀ ਸ਼ਾਮ ਪੁਲਿਸ ਵੱਲੋਂ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਮ੍ਰਿਤਕ ਦੇਹ ਨੂੰ ਜਬਰੀ ਚੁੱਕਣ ਅਤੇ ਬਦਸਲੂਕੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸਿੰਘ ਸਾਹਿਬ ਨੇ ਕਿਹਾ, "ਪੰਜਾਬ ਦਾ ਭਵਿੱਖ ਅਤੇ ਨੌਜਵਾਨੀ ਨਸ਼ਿਆਂ ਦੀ ਬਲੀ ਚੜ੍ਹ ਰਹੀ ਹੈ, ਪਰ ਸਰਕਾਰ ਘੂਕ ਸੁੱਤੀ ਪਈ ਹੈ।" ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਨੀਂਦ ਤੋਂ ਜਗਾਉਣ ਲਈ ਪੂਰੇ ਪੰਜਾਬ ਦੀ ਸੰਗਤ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਲੋੜ ਹੈ।
ਅੰਤ ਵਿੱਚ, ਉਨ੍ਹਾਂ ਸਮੁੱਚੇ ਪੰਥ ਅਤੇ ਅਵਾਮ ਨੂੰ ਅਪੀਲ ਕੀਤੀ ਕਿ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਮਾਨਸਾ ਵਿਖੇ ਚੱਲ ਰਹੇ ਧਰਨੇ ਵਿੱਚ ਵੱਧ-ਚੜ੍ਹ ਕੇ ਸਹਿਯੋਗ ਦਿੱਤਾ ਜਾਵੇ।
Get all latest content delivered to your email a few times a month.