IMG-LOGO
ਹੋਮ ਪੰਜਾਬ: ਅਕਾਲੀ ਦਲ (ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਮਾਮਲੇ ਵਿੱਚ...

ਅਕਾਲੀ ਦਲ (ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਮਾਮਲੇ ਵਿੱਚ ₹736.96 ਕਰੋੜ ਦੀ ਡਰੱਗ ਮਨੀ ਦਾ ਖੁਲਾਸਾ, ਵਿਜੀਲੈਂਸ ਬਿਊਰੋ ਨੇ 40,000 ਪੰਨਿਆਂ ਦੀ ਚਾਰਜਸ਼ੀਟ ਦਾਖਲ...

Admin User - Oct 28, 2026 06:08 PM
IMG

ਚੰਡੀਗੜ੍ਹ 28 ਅਕਤੂਬਰ-

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਕਾਲੀ ਦਲ (ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਅਦਾਲਤ ਵਿੱਚ ਪੇਸ਼ ਕੀਤੇ ਗਏ 40,000 ਪੰਨਿਆਂ ਦੇ ਚਲਾਨ 'ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਾ ਮਾਫ਼ੀਆ ਖ਼ਿਲਾਫ਼ ਮਾਨ ਸਰਕਾਰ ਦੀ ਇਤਿਹਾਸਕ ਕਾਰਵਾਈ ਕਰਾਰ ਦਿੱਤਾ ਹੈ।

ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ ਮੋਹਾਲੀ ਵੱਲੋਂ ਦਰਜ ਐੱਫਆਈਆਰ ਨੰਬਰ 22 (ਮਿਤੀ 25-06-2025) ਤਹਿਤ ਮਜੀਠੀਆ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 ਦੀ ਧਾਰਾ 13(1)(e), 13(2) ਅਤੇ ਆਈਪੀਸੀ ਦੀ ਧਾਰਾ 120-B ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਇਹ ਪੂਰਾ ਮਾਮਲਾ 2 ਮਾਰਚ 2007 ਤੋਂ 31 ਮਾਰਚ 2017 ਤੱਕ ਅਕਾਲੀ-ਭਾਜਪਾ ਰਾਜ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਹੈ, ਜਿਸ ਵਿੱਚ ਵਿਜੀਲੈਂਸ ਨੇ ਆਪਣੀ ਜਾਂਚ ਵਿੱਚ 719.72 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਅਤੇ ਕਾਲੀ ਕਮਾਈ ਦਾ ਖ਼ੁਲਾਸਾ ਕੀਤਾ ਹੈ, ਜਦਕਿ ਜਾਂਚ ਵਿੱਚ ਕੁੱਲ ਵਿੱਤੀ ਹੇਰਾਫੇਰੀ ਅਤੇ ਮਨੀ ਟ੍ਰੇਲ ਦਾ ਅੰਕੜਾ 736.96 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ।

ਵਿਜੀਲੈਂਸ ਜਾਂਚ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਮਜੀਠੀਆ ਦੀ ਜਾਇਦਾਦ ਵਿੱਚ ਬੇਮਿਸਾਲ ਅਤੇ ਸ਼ੱਕੀ ਵਾਧਾ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ 40.78 ਕਰੋੜ ਰੁਪਏ ਦੀ ਜਾਇਦਾਦ ਵਿੱਚ 1200.13% ਦਾ ਉਛਾਲ ਪਾਇਆ ਗਿਆ ਸੀ, ਉੱਥੇ ਹੀ 10.3 ਕਰੋੜ ਰੁਪਏ ਦੇ ਸ਼ੁਰੂਆਤੀ ਡੀਏ ਅੰਕੜੇ ਤੋਂ ਵਧਦਿਆਂ-ਵਧਦਿਆਂ ਬੇਨਾਮੀ ਜਾਇਦਾਦਾਂ ਦੀ ਕੀਮਤ 50.81 ਕਰੋੜ ਰੁਪਏ ਅਤੇ ਅੰਤ ਵਿੱਚ 1495.37% ਦੇ ਵਾਧੇ ਨਾਲ 719.72 ਕਰੋੜ ਰੁਪਏ ਤੱਕ ਜਾ ਪਹੁੰਚੀ।

ਪੰਨੂ ਨੇ ਅੱਗੇ ਕਿਹਾ ਕਿ 2007 ਤੋਂ 2017 ਦਾ ਇਹ ਉਹੀ ਕਾਲਾ ਦੌਰ ਸੀ ਜਦੋਂ ਪੰਜਾਬ ਵਿੱਚ 'ਚਿੱਟੇ' ਨੇ ਦਸਤਕ ਦਿੱਤੀ ਅਤੇ ਫੈਲ ਕੇ ਸਾਡੀ ਪੂਰੀ ਪੀੜ੍ਹੀ ਨੂੰ ਤਬਾਹ ਕਰ ਦਿੱਤਾ। ਇੱਕ ਪਾਸੇ ਪੰਜਾਬ ਦਾ ਆਮ ਨਾਗਰਿਕ ਦਿਨ-ਰਾਤ ਪਸੀਨਾ ਬਹਾ ਕੇ ਆਪਣੇ ਪਰਿਵਾਰ ਦਾ ਖ਼ਰਚਾ ਮਸਾਂ ਚਲਾਉਂਦਾ ਹੈ, ਉੱਥੇ ਦੂਜੇ ਪਾਸੇ ਮਜੀਠੀਆ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਅਤੇ ਵਿਲਕਦੇ ਮਾਪਿਆਂ ਦੇ ਅੱਥਰੂਆਂ ਦੀ ਕੀਮਤ 'ਤੇ 719 ਕਰੋੜ ਰੁਪਏ ਤੋਂ ਵੱਧ ਦੇ ਨੋਟਾਂ ਦੇ ਪਹਾੜ ਖੜ੍ਹੇ ਕਰ ਲਏ।


ਪੰਨੂ ਨੇ ਕਿਹਾ ਕਿ ਵਿਜੀਲੈਂਸ ਦੇ ਚਲਾਨ ਵਿੱਚ ਕਾਲੇ ਧਨ ਨੂੰ ਚਿੱਟਾ ਕਰਨ ਲਈ "ਇਸ ਦੀ ਟੋਪੀ ਉਸ ਦੇ ਸਿਰ" ਦੀ ਤਰਜ਼ 'ਤੇ ਬਣਾਈਆਂ ਗਈਆਂ ਫ਼ਰਜ਼ੀ (ਸ਼ੈੱਲ) ਕੰਪਨੀਆਂ ਦੇ ਪੂਰੇ ਮਕੜਜਾਲ ਨੂੰ ਬੇਨਕਾਬ ਕੀਤਾ ਗਿਆ ਹੈ। ਪੰਥ ਅਤੇ ਧਰਮ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਇਹਨਾਂ ਨੇਤਾਵਾਂ ਦੇ ਅਸਲ ਧੰਦੇ ਸ਼ਰਾਬ ਅਤੇ ਗ਼ੈਰ-ਕਾਨੂੰਨੀ ਟ੍ਰਾਂਸਪੋਰਟ ਸਿੰਡੀਕੇਟ ਨਾਲ ਜੁੜੇ ਹੋਏ ਸਨ। ਇਸ ਵਿੱਚ ਸਰਾਈਆ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਪੈਰੇਗ੍ਰਿਨ ਸਰਲੋਆ ਆਰਗੈਨਿਕ ਪ੍ਰਾਈਵੇਟ ਲਿਮਟਿਡ, ਐੱਸ.ਡੀ. ਬੇਵਰੇਜਿਜ਼ ਪ੍ਰਾਈਵੇਟ ਲਿਮਟਿਡ, ਪਟਿਆਲਾ ਵਿੱਚ ਰਜਿਸਟਰਡ ਏ ਟੂ ਜੈੱਡ ਟ੍ਰਾਂਸਪੋਰਟ, ਅਮਰਦੀਪ ਸਿੰਘ ਹੁੰਦਲ ਦੀ ਏ.ਡੀ. ਐਂਟਰਪ੍ਰਾਈਜ਼ਿਜ਼, ਹਰਪ੍ਰੀਤ ਸਿੰਘ ਗੁਲਾਟੀ  ਐਚਯੂਵੀ (ਯੂਨਾਈਟਿਡ ਵਾਈਨਜ਼), ਆਕਾਸ਼ ਐਂਟਰਪ੍ਰਾਈਜ਼ਿਜ਼, ਯੂਡਬਲਿਊ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ, ਏਡੀ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ, ਆਕਾਸ਼ ਸਪਿਰਿਟਸ ਪ੍ਰਾਈਵੇਟ ਲਿਮਟਿਡ ਅਤੇ ਨਵਾਂਸ਼ਹਿਰ ਪਾਵਰ ਪ੍ਰਾਈਵੇਟ ਲਿਮਟਿਡ (ਐੱਨਪੀਪੀਐੱਲ) ਵਰਗੀਆਂ ਸ਼ੈੱਲ ਕੰਪਨੀਆਂ ਸ਼ਾਮਲ ਹਨ, ਜਿਨ੍ਹਾਂ ਰਾਹੀਂ ਅਰਬਾਂ ਰੁਪਏ ਦੀ ਹੇਰਾਫੇਰੀ ਕੀਤੀ ਗਈ।


ਵਿੱਤੀ ਹੇਰਾਫੇਰੀ ਦਾ ਪੂਰਾ ਵੇਰਵਾ ਦਿੰਦਿਆਂ ਮੀਡੀਆ ਇੰਚਾਰਜ ਨੇ ਦੱਸਿਆ ਕਿ ਜਾਂਚ ਵਿੱਚ 736.96 ਕਰੋੜ ਰੁਪਏ ਦੇ ਵਿੱਤੀ ਲੈਣ-ਦੇਣ ਦਾ ਪੁਖ਼ਤਾ ਸਬੂਤ ਮਿਲਿਆ ਹੈ। ਇਸ ਵਿੱਚ ਸਰਾਈਆ ਇੰਡਸਟਰੀਜ਼ ਦੇ ਬੈਂਕ ਖ਼ਾਤਿਆਂ ਵਿੱਚ 2007-08 ਤੋਂ 2008-09 ਦੌਰਾਨ ਜਮ੍ਹਾਂ ਕਰਵਾਏ ਗਏ 170.39 ਕਰੋੜ ਰੁਪਏ ਦਾ ਬਹੁਤ ਜ਼ਿਆਦਾ ਕੈਸ਼, ਵਿਦੇਸ਼ੀ ਕੰਪਨੀਆਂ ਤੋਂ ਸਰਾਈਆ ਇੰਡਸਟਰੀਜ਼ ਵੱਲੋਂ ਲਿਆ ਗਿਆ 176.56 ਕਰੋੜ ਰੁਪਏ ਦਾ ਅਣਉਚਿਤ ਲਾਭ, ਸਾਲ 2012-13 ਅਤੇ 2013-14 ਵਿੱਚ ਪ੍ਰਾਪਤ 127.90 ਕਰੋੜ ਰੁਪਏ ਦੇ ਸਰਪਲਸ ਫੰਡ, ਨਵਾਂਸ਼ਹਿਰ ਪਾਵਰ ਪ੍ਰਾ. ਲਿ. ਸਿੰਡੀਕੇਟ ਗਰੁੱਪ ਤੋਂ ਪ੍ਰਾਪਤ 16.68 ਕਰੋੜ ਰੁਪਏ ਦਾ ਅਣਉਚਿਤ ਲਾਭ, ਸਰਲੋਆ ਇੰਡਸਟਰੀਜ਼ ਵਿੱਚ 194.62 ਕਰੋੜ ਰੁਪਏ ਦਾ ਅਸਪਸ਼ਟ ਵਾਧਾ ਅਤੇ 50.81 ਕਰੋੜ ਰੁਪਏ ਦੇ ਅਣ-ਹਿਸਾਬੀ  ਫੰਡ ਸ਼ਾਮਲ ਹਨ।


ਸਾਜ਼ਿਸ਼ ਦੀਆਂ ਪਰਤਾਂ ਖੋਲ੍ਹਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ ਇਸ ਕੇਸ ਵਿੱਚ ਸਹਿ-ਦੋਸ਼ੀ ਹਰਪ੍ਰੀਤ ਸਿੰਘ ਗੁਲਾਟੀ ਦੀ ਗ੍ਰਿਫ਼ਤਾਰੀ ਤੋਂ ਬਾਅਦ 27 ਜਨਵਰੀ 2026 ਨੂੰ ਸਪਲੀਮੈਂਟਰੀ ਚਲਾਨ ਦਾਇਰ ਕੀਤਾ ਗਿਆ, ਜਦਕਿ ਇਸ ਤੋਂ ਪਹਿਲਾਂ 1 ਨਵੰਬਰ 2025 ਨੂੰ ਵੀ ਇੱਕ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾ ਚੁੱਕਾ ਸੀ। ਜਾਂਚ ਅੱਗੇ ਵਧਣ 'ਤੇ ਮਜੀਠੀਆ ਦੇ ਸਕੇ ਸਾਲੇ ਗਜਪਤ ਸਿੰਘ ਗ੍ਰੇਵਾਲ ਦਾ ਨਾਂ ਸਾਹਮਣੇ ਆਇਆ, ਜਿਸ ਨੂੰ ਧਾਰਾ 120B (ਅਪਰਾਧਿਕ ਸਾਜ਼ਿਸ਼) ਤਹਿਤ ਨਾਮਜ਼ਦ ਕੀਤਾ ਗਿਆ ਹੈ। ਪੰਨੂ ਨੇ ਚੇਤੇ ਕਰਵਾਇਆ ਕਿ ਜਗਦੀਸ਼ ਭੋਲਾ ਵੱਲੋਂ ਨਾਂ ਲਏ ਜਾਣ ਤੋਂ ਬਾਅਦ ਜਦੋਂ ਤਤਕਾਲੀ ਈ.ਡੀ. ਅਧਿਕਾਰੀ ਨਿਰੰਜਨ ਸਿੰਘ ਨੇ ਮਜੀਠੀਆ 'ਤੇ ਸ਼ਿਕੰਜਾ ਕੱਸਣਾ ਚਾਹਿਆ, ਤਾਂ ਉਨ੍ਹਾਂ ਦਾ ਰਾਤੋ-ਰਾਤ ਤਬਾਦਲਾ ਕਰਵਾ ਕੇ ਜਾਂਚ ਨੂੰ ਦਬਾ ਦਿੱਤਾ ਗਿਆ ਸੀ। ਮਜੀਠੀਆ ਦੇ ਕਰੀਬੀ ਗੁਰਗੇ ਸਤਪ੍ਰੀਤ ਸਿੰਘ ਉਰਫ਼ ਸੱਤਾ ਅਤੇ ਪਰਮਿੰਦਰ ਸਿੰਘ ਉਰਫ਼ ਪਿੰਦੀ, ਜੋ ਸਰਕਾਰੀ ਲਾਲ ਬੱਤੀ ਵਾਲੀਆਂ ਗੱਡੀਆਂ ਵਿੱਚ ਘੁੰਮਦੇ ਸਨ, ਅੱਜ ਕੈਨੇਡਾ ਵਿੱਚ ਛੁਪੇ ਬੈਠੇ ਹਨ। ਮਾਨ ਸਰਕਾਰ ਲਗਾਤਾਰ ਕੇਂਦਰ ਸਰਕਾਰ 'ਤੇ ਦਬਾਅ ਬਣਾ ਰਹੀ ਹੈ ਕਿ 'ਹਵਾਲਗੀ ਸੰਧੀ' ਤਹਿਤ ਉਨ੍ਹਾਂ ਨੂੰ ਭਾਰਤ ਲਿਆ ਕੇ ਪੂਰੇ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਦਾ ਪਰਦਾਫਾਸ਼ ਕੀਤਾ ਜਾਵੇ।


ਬਲਤੇਜ ਪੰਨੂ ਨੇ ਅੰਤ ਵਿੱਚ ਕਿਹਾ ਕਿ ਜੋ ਲੋਕ ਇਸ ਕਾਰਵਾਈ ਨੂੰ 'ਰਾਜਨੀਤਿਕ ਬਦਲਾਖੋਰੀ' ਦਾ ਨਾਂ ਦੇ ਰਹੇ ਸਨ, ਉਹ ਵਿਜੀਲੈਂਸ ਦੇ ਇਹਨਾਂ 40,000 ਪੰਨਿਆਂ ਦੀ ਚਾਰਜਸ਼ੀਟ ਅਤੇ ਕਰੀਬ 300 ਗਵਾਹਾਂ ਦੇ ਬਿਆਨਾਂ ਨੂੰ ਪੜ੍ਹ ਕੇ ਦੇਖ ਲੈਣ, ਪੂਰਾ ਸੱਚ ਸਾਹਮਣੇ ਆ ਜਾਵੇਗਾ। ਉਹਨਾਂ ਨੇ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਖਿਚੜੀ ਪੱਕਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਸ਼ਾ ਖ਼ਾਤਮੇ ਲਈ 31 ਦਸੰਬਰ 2029 ਦੀ ਤਾਰੀਖ਼ ਤੈਅ ਕਰਨਾ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਲੀ ਦੇ ਹਵਾਲੇ ਨਾਲ ਦਿੱਤੇ ਜਾ ਰਹੇ ਬਿਆਨ ਪੰਜਾਬ ਨੂੰ ਫਿਰ ਤੋਂ ਉਸੇ ਦਲਦਲ ਵਿੱਚ ਧੱਕਣ ਦੀ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਹਨ।


ਪੰਨੂ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਜੋ ਸੰਕਲਪ ਲਿਆ ਹੈ, ਸਰਕਾਰ ਉਸ ਤੋਂ ਪਿੱਛੇ ਨਹੀਂ ਹਟੇਗੀ। ਵਿਜੀਲੈਂਸ ਨੇ ਆਪਣਾ ਫ਼ਰਜ਼ ਪੂਰਾ ਕਰ ਦਿੱਤਾ ਹੈ ਅਤੇ ਹੁਣ ਮਾਨਯੋਗ ਅਦਾਲਤ ਇਸ ਮਹਾਘੋਟਾਲੇ 'ਤੇ ਆਪਣਾ ਅੰਤਿਮ ਅਤੇ ਸਖ਼ਤ ਫ਼ੈਸਲਾ ਲਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.