ਤਾਜਾ ਖਬਰਾਂ
ਇੱਥੇ ਨੇੜਲੇ ਪਿੰਡ ਢੰਡਵਾੜ ਗੇਟ ਕੋਲ ਅੱਜ ਸਵੇਰੇ ਉਸ ਵੇਲੇ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਇੱਕ ਨਿੱਜੀ ਸਕੂਲ ਦੀ ਬੱਸ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਕੇ ਖੇਤਾਂ ਵਿੱਚ ਲੱਗੇ ਸੋਲਰ ਪਲਾਂਟ ਨਾਲ ਜਾ ਟਕਰਾਈ। ਰਾਹਤ ਦੀ ਗੱਲ ਇਹ ਰਹੀ ਕਿ ਬੱਸ ਵਿੱਚ ਸਵਾਰ ਕਰੀਬ 25 ਸਕੂਲੀ ਬੱਚਿਆਂ ਵਿੱਚੋਂ ਕਿਸੇ ਨੂੰ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਇੱਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ।
ਘਟਨਾ ਦੀ ਇਤਲਾਹ ਮਿਲਦਿਆਂ ਹੀ emergency ਹੈਲਪਲਾਈਨ 112 ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਗਿੱਲ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚੇ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਬੱਸ ਦੀ ਰਫ਼ਤਾਰ ਕਾਫ਼ੀ ਤੇਜ਼ ਸੀ, ਜਿਸ ਕਾਰਨ ਚਾਲਕ ਗੱਡੀ ਤੋਂ ਸੰਤੁਲਨ ਗੁਆ ਬੈਠਾ। ਦੂਜੇ ਪਾਸੇ, ਬੱਸ ਚਾਲਕ ਰਮਨਦੀਪ ਸਿੰਘ (ਪੁੱਤਰ ਤੀਰਥ ਚੰਦ) ਦਾ ਦਾਅਵਾ ਹੈ ਕਿ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਭਾਣਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਕਰੀਬ ਅੱਧੇ ਘੰਟੇ ਬਾਅਦ ਬੱਸ ਮਾਲਕ ਮੌਕੇ ’ਤੇ ਪਹੁੰਚਿਆ, ਜਿਸ ਤੋਂ ਬਾਅਦ ਕਾਫ਼ੀ ਮੁਸ਼ੱਕਤ ਨਾਲ ਬੱਸ ਨੂੰ ਸੋਲਰ ਪਲਾਂਟ ਵਿੱਚੋਂ ਬਾਹਰ ਕੱਢਿਆ ਗਿਆ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਚਾਲਕ ਕੋਲ ਮੌਕੇ ’ਤੇ ਡਰਾਈਵਿੰਗ ਲਾਇਸੈਂਸ ਮੌਜੂਦ ਨਹੀਂ ਸੀ।
ਇਸ ਦੌਰਾਨ ਸਥਾਨਕ ਨਿਵਾਸੀ ਹਰਕੀਤ ਸਿੰਘ ਢੰਡਵਾੜ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਕੂਲੀ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ ਅਤੇ ਅਧੂਰੇ ਕਾਗਜ਼ਾਤ ਵਾਲੀਆਂ ਬੱਸਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਹਾਦਸੇ ਕਾਰਨ ਮੋਟਰ ਮਾਲਕ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਬੱਸ ਪ੍ਰਬੰਧਕਾਂ ਤੋਂ ਕਰਵਾਈ ਜਾਵੇ।
112 ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਮੰਗਣ ’ਤੇ ਬੱਸ ਚਾਲਕ ਡਰਾਈਵਿੰਗ ਲਾਇਸੈਂਸ ਪੇਸ਼ ਨਹੀਂ ਕਰ ਸਕਿਆ। ਪੁਲਿਸ ਵੱਲੋਂ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਮੁਨਾਸਬ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Get all latest content delivered to your email a few times a month.