IMG-LOGO
ਹੋਮ ਪੰਜਾਬ: ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਥਾਣਿਆਂ ਵਿੱਚ ਸਿਆਸੀ ਧੌਂਸਬਾਜ਼ੀ ਦਾ...

ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਥਾਣਿਆਂ ਵਿੱਚ ਸਿਆਸੀ ਧੌਂਸਬਾਜ਼ੀ ਦਾ ਸੱਭਿਆਚਾਰ ਪੈਦਾ ਕੀਤਾ, ਕਾਨੂੰਨ ਤੋਂ ਉੱਪਰ ਕੋਈ ਨਹੀਂ, ਸੁਖਜਿੰਦਰ ਰੰਧਾਵਾ ਨੂੰ ਇਹ ਸਮਝਣਾ ਚਾਹੀਦਾ ਹੈ:...

Admin User - Oct 30, 2026 07:17 PM
IMG

ਚੰਡੀਗੜ੍ਹ / ਅੰਮ੍ਰਿਤਸਰ; 30 ਅਕਤੂਬਰ-

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅੰਗਦ ਦੀਪ ਸਿੰਘ ਸੋਹਲ ਨੇ ਸ਼ੁੱਕਰਵਾਰ ਨੂੰ ਹੰਗਾਮਾ ਕਰਨ ਅਤੇ ਪੁਲਿਸ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਲਈ ਕਾਂਗਰਸੀ ਆਗੂਆਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਉਸ ਵੀਆਈਪੀ ਸੱਭਿਆਚਾਰ ਅਤੇ ਹੰਕਾਰ ਨੂੰ ਦਰਸਾਉਂਦੀਆਂ ਹਨ ਜੋ ਕਾਂਗਰਸ ਨੇ ਪੰਜਾਬ ਵਿੱਚ ਆਪਣੇ ਸ਼ਾਸਨ ਦੌਰਾਨ ਪੈਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸ਼ਾਇਦ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਹਨ, ਪਰ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਥਾਣੇ ਆਮ ਨਾਗਰਿਕਾਂ ਦੀ ਸੇਵਾ ਲਈ ਹਨ, ਨਾ ਕਿ ਸਿਆਸੀ 'ਗੁੰਡਾਗਰਦੀ' ਦੇ ਕੇਂਦਰ ਬਣਨ ਲਈ।

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਆਗੂ ਅੰਗਦ ਦੀਪ ਸਿੰਘ ਸੋਹਲ ਨੇ ਕਿਹਾ, "2022 ਵਿੱਚ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਆਉਣ ਤੋਂ ਬਾਅਦ ਸੂਬੇ ਵਿੱਚ ਕਾਨੂੰਨ ਦਾ ਰਾਜ ਦ੍ਰਿੜ੍ਹਤਾ ਨਾਲ ਸਥਾਪਿਤ ਹੋਇਆ ਹੈ। ਕਿਸੇ ਵੀ ਰਾਜਨੇਤਾ ਨੂੰ ਆਪਣੀ ਸਰਕਾਰੀ ਡਿਊਟੀ ਨਿਭਾ ਰਹੇ ਪੁਲਿਸ ਕਰਮਚਾਰੀਆਂ ਨੂੰ ਧਮਕਾਉਣ ਜਾਂ ਉਨ੍ਹਾਂ 'ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ ਹੈ। ਸੁਖਜਿੰਦਰ ਸਿੰਘ ਰੰਧਾਵਾ ਵਰਗੇ ਆਗੂ ਅਜਿਹੇ ਵਿਵਹਾਰ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਹਨ? ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੇ ਕੰਮ ਵਿੱਚ ਰੁਕਾਵਟ ਪਾਉਣ ਜਾਂ ਬਦਸਲੂਕੀ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਯੋਗ ਕਾਰਵਾਈ ਕੀਤੀ ਜਾਵੇਗੀ।"

ਅੰਗਦ ਦੀਪ ਸਿੰਘ ਸੋਹਲ ਨੇ ਅੱਗੇ ਕਿਹਾ, "ਕਾਂਗਰਸੀ ਆਗੂਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਥਾਣੇ ਉਨ੍ਹਾਂ ਦੀ ਪੁਸ਼ਤੈਨੀ ਜਾਇਦਾਦ ਨਹੀਂ ਹਨ ਜਿੱਥੇ ਉਹ ਆਪਣੇ ਸਮਰਥਕਾਂ ਨਾਲ ਦਾਖਲ ਹੋ ਕੇ ਡਰ ਦਾ ਮਾਹੌਲ ਬਣਾ ਸਕਣ। ਇਹ ਜਨਤਕ ਅਦਾਰੇ ਹਨ ਜੋ ਲੋਕਾਂ ਦੀ ਸੇਵਾ ਲਈ ਹਨ, ਨਾ ਕਿ ਕਾਂਗਰਸੀ ਸਿਆਸਤਦਾਨਾਂ ਦੇ ਹੰਕਾਰ ਨੂੰ ਪੱਠੇ ਪਾਉਣ ਲਈ। ਮੈਂ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਅਤੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਪੱਸ਼ਟ ਕਰਨ ਕਿ ਕੀ ਥਾਣਿਆਂ ਅੰਦਰ ਅਜਿਹੀ ਗੁੰਡਾਗਰਦੀ ਨੂੰ ਹੀ ਉਹ ਆਪਣਾ 'ਪੰਜਾਬ ਮਾਡਲ' ਮੰਨਦੇ ਹਨ।"

ਪੰਜਾਬ ਪੁਲਿਸ ਦੀ ਸ਼ਲਾਘਾ ਕਰਦਿਆਂ 'ਆਪ' ਆਗੂ ਨੇ ਜ਼ੋਰ ਦੇ ਕੇ ਕਿਹਾ, "ਪੰਜਾਬ ਪੁਲਿਸ ਦੇਸ਼ ਦੀਆਂ ਸਰਵੋਤਮ ਪੁਲਿਸ ਬਲਾਂ ਵਿੱਚੋਂ ਇੱਕ ਹੈ ਅਤੇ ਇਸ ਨੇ ਪੰਜਾਬ ਵਿੱਚੋਂ ਅੱਤਵਾਦ ਨੂੰ ਖ਼ਤਮ ਕਰਨ ਵਿੱਚ ਇਤਿਹਾਸਕ ਭੂਮਿਕਾ ਨਿਭਾਈ ਹੈ। ਪੁਲਿਸ ਕਰਮਚਾਰੀ ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਮਦਦ ਲਈ ਦਿਨ-ਰਾਤ ਕੰਮ ਕਰਦੇ ਹਨ। ਉਨ੍ਹਾਂ ਦੀਆਂ ਛਾਤੀਆਂ 'ਤੇ ਸਜੇ ਤਗਮੇ ਸਾਲਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਕੁਰਬਾਨੀਆਂ ਨਾਲ ਹਾਸਲ ਕੀਤੇ ਗਏ ਹਨ। ਪੁਲਿਸ ਬਲ ਕਿਸੇ ਦੀ ਨਿੱਜੀ ਜਾਇਦਾਦ ਜਾਂ ਸਿਆਸੀ ਵਿਰਾਸਤ ਨਹੀਂ ਹੈ।"

ਉਨ੍ਹਾਂ ਕਿਹਾ, "ਕਾਂਗਰਸ ਕੋਲ ਜਨਤਾ ਲਈ ਕੋਈ ਵਿਜ਼ਨ ਜਾਂ ਚੁੱਕਣ ਲਈ ਸਾਰਥਕ ਮੁੱਦੇ ਨਹੀਂ ਹਨ, ਇਸੇ ਲਈ ਉਹ ਅਜਿਹੀਆਂ ਡਰਾਮੇਬਾਜ਼ੀਆਂ ਦਾ ਸਹਾਰਾ ਲੈ ਰਹੀ ਹੈ। ਕਾਂਗਰਸੀ ਆਗੂ ਅਕਸਰ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੱਪ ਹੋ ਚੁੱਕੀ ਹੈ, ਪਰ ਜਦੋਂ ਪੁਲਿਸ ਆਪਣੀ ਡਿਊਟੀ ਨਿਭਾਉਂਦੀ ਹੈ ਤਾਂ ਇਹੋ ਲੀਡਰ ਥਾਣਿਆਂ 'ਚ ਵੜ ਕੇ ਹੰਗਾਮਾ ਕਰਦੇ ਹਨ। ਕੀ ਕਾਂਗਰਸ ਲੀਡਰਸ਼ਿਪ ਆਪਣੇ ਆਗੂਆਂ ਵਿਰੁੱਧ ਪੁਲਿਸ ਕਰਮਚਾਰੀਆਂ ਨਾਲ ਕੀਤੇ ਇਸ ਵਿਵਹਾਰ ਲਈ ਕੋਈ ਕਾਰਵਾਈ ਕਰੇਗੀ?"

ਅੰਗਦ ਦੀਪ ਸਿੰਘ ਸੋਹਲ ਨੇ ਅੱਗੇ ਕਿਹਾ, "ਰਾਹੁਲ ਗਾਂਧੀ ਬਾਰ-ਬਾਰ 'ਵੋਟ ਚੋਰੀ' ਦੇ ਦੋਸ਼ ਲਗਾਉਂਦੇ ਹਨ, ਪਰ ਜਦੋਂ ਇਹ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਉੱਠਿਆ ਤਾਂ ਕਾਂਗਰਸੀ ਆਗੂ ਗਾਇਬ ਸਨ। ਪੰਜਾਬ ਦੇ ਲੋਕਾਂ ਨੇ 2022 ਵਿੱਚ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਕੇ ਵਿਰੋਧੀ ਧਿਰ ਵਿੱਚ ਬਿਠਾਇਆ ਸੀ। ਕੋਈ ਰਚਨਾਤਮਕ ਭੂਮਿਕਾ ਨਿਭਾਉਣ ਦੀ ਬਜਾਏ, ਇਸ ਦੇ ਆਗੂ ਹੁਣ ਬੋਖਲਾਹਟ ਵਿੱਚ ਥਾਣਿਆਂ ਅੰਦਰ ਹੰਗਾਮਾ ਕਰ ਰਹੇ ਹਨ।"

ਸੋਹਲ ਨੇ ਸਿੱਟਾ ਕੱਢਦਿਆਂ ਕਿਹਾ, "ਲੋਕਤੰਤਰ ਲੋਕਾਂ ਨੂੰ ਤਾਕਤ ਦਿੰਦਾ ਹੈ, ਜਦੋਂ ਕਿ ਕਾਨੂੰਨ ਇਨਸਾਫ਼ ਅਤੇ ਵਿਵਸਥਾ ਬਣਾਏ ਰੱਖਣ ਦਾ ਅਧਿਕਾਰ ਦਿੰਦਾ ਹੈ। ਕਾਨੂੰਨ ਸਭ ਲਈ ਬਰਾਬਰ ਹੈ। ਭਗਵੰਤ ਮਾਨ ਸਰਕਾਰ ਹਰ ਉਸ ਪੁਲਿਸ ਅਧਿਕਾਰੀ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ ਜੋ ਇਮਾਨਦਾਰੀ ਅਤੇ ਨਿਡਰਤਾ ਨਾਲ ਆਪਣੀ ਡਿਊਟੀ ਨਿਭਾਉਂਦਾ ਹੈ। ਨਸ਼ਿਆਂ ਵਿਰੁੱਧ ਚੱਲ ਰਹੇ 'ਯੁੱਧ ਨਸ਼ਿਆਂ ਵਿਰੁੱਧ' ਤੋਂ ਲੈ ਕੇ 'ਗੈਂਗਸਟਰਾਂ 'ਤੇ ਵਾਰ' ਤੱਕ, ਪੰਜਾਬ ਪੁਲਿਸ ਨੇ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਤੇ ਸੁਰੱਖਿਆ ਬਣਾਏ ਰੱਖਣ ਵਿੱਚ ਮਦਦ ਕੀਤੀ ਹੈ। ਸਰਕਾਰ ਪੰਜਾਬ ਅਤੇ ਇਸ ਦੇ ਲੋਕਾਂ ਦੀ ਰੱਖਿਆ ਲਈ ਆਪਣੀ ਪੁਲਿਸ ਫੋਰਸ ਦਾ ਸਮਰਥਨ ਕਰਨਾ ਜਾਰੀ ਰੱਖੇਗੀ।"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.