ਤਾਜਾ ਖਬਰਾਂ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧੂਤ ਕਲਾਂ ਵਿੱਚ ਆਪਣੀ 16 ਸਾਲਾ ਧੀ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਬਾਅਦ ਫ਼ਰਾਰ ਚੱਲ ਰਹੇ ਪਿਤਾ ਦੀ ਲਾਸ਼ ਭੇਦਭਰੇ ਹਾਲਾਤ ਵਿੱਚ ਬਰਾਮਦ ਹੋਈ ਹੈ।
ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ (42) ਵਜੋਂ ਹੋਈ ਹੈ, ਜਿਸ ਦੀ ਦੇਹ ਹੁਸ਼ਿਆਰਪੁਰ ਦੇ ਭੰਗੀ ਚੋਅ ਨੇੜੇ ਇੱਕ ਸੁੰਨਸਾਨ ਜਗ੍ਹਾ ਤੋਂ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਅਮਰਜੀਤ ਸਿੰਘ ਨੇ ਆਪਣੀ ਭੈਣ ਕੁਲਵੰਤ ਕੌਰ ਦੇ ਉਕਸਾਵੇ ਵਿੱਚ ਆ ਕੇ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪਰਿਵਾਰ ਵਿੱਚ ਮੁੰਡਾ ਨਾ ਹੋਣ ਅਤੇ 'ਵੰਸ਼ ਵਧਾਉਣ' ਦੀ ਅੰਨ੍ਹੀ ਸੋਚ ਦੇ ਚੱਲਦਿਆਂ, ਅਮਰਜੀਤ ਨੇ ਆਪਣੀ ਇਕਲੌਤੀ ਧੀ ਇੰਦਰਪ੍ਰੀਤ ਕੌਰ ਉਰਫ਼ ਇੰਦਰ ਦਾ ਕਿਰਪਾਨ ਨਾਲ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਸੀ ਅਤੇ ਮੁਲਜ਼ਮ ਪਿਤਾ ਅਮਰਜੀਤ ਸਿੰਘ ਅਤੇ ਉਸ ਦੀ ਭੈਣ ਕੁਲਵੰਤ ਕੌਰ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਸੀ।
ਥਾਣਾ ਹਰਿਆਣਾ ਦੇ ਸਬ-ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਸ਼ਾਮ ਵੇਲੇ ਭੰਗੀ ਚੋਅ ਲਾਗੇ ਇੱਕ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਜਾਂਚ ਸ਼ੁਰੂ ਕੀਤੀ, ਤਾਂ ਪਿੰਡ ਦੀ ਪੰਚਾਇਤ ਅਤੇ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਨੇ ਲਾਸ਼ ਦੀ ਪਛਾਣ ਅਮਰਜੀਤ ਸਿੰਘ ਵਜੋਂ ਕੀਤੀ।
"ਸ਼ੁਰੂਆਤੀ ਜਾਂਚ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਧੀ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਪਸ਼ਚਾਤਾਪ ਜਾਂ ਡਰ ਦੇ ਮਾਰੇ ਖ਼ੁਦਕੁਸ਼ੀ ਕੀਤੀ ਹੋ ਸਕਦੀ ਹੈ। ਹਾਲਾਂਕਿ, ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।"
Get all latest content delivered to your email a few times a month.