IMG-LOGO
ਹੋਮ ਰਾਸ਼ਟਰੀ: ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਚੁਣਿਆ ਪ੍ਰਬੰਧਕੀ ਬੋਰਡ ਮੁੜ ਬਹਾਲ,...

ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਚੁਣਿਆ ਪ੍ਰਬੰਧਕੀ ਬੋਰਡ ਮੁੜ ਬਹਾਲ, 25 ਕਰੋੜ ਦੇ ਵਿਕਾਸ ਕਾਰਜਾਂ ਦਾ ਐਲਾਨ; ਸੰਗਤ ਨੂੰ ਮਿਲਣਗੀਆਂ ਆਧੁਨਿਕ ਸਿਹਤ ਸਹੂਲਤਾਂ

Admin User - Nov 03, 2026 06:01 PM
IMG

ਬੰਬੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ, ਨਾਂਦੇੜ ਦੇ ਚੁਣੇ ਹੋਏ ਪ੍ਰਬੰਧਕੀ ਬੋਰਡ ਨੂੰ ਮੁੜ ਬਹਾਲ ਕਰ ਦਿੱਤਾ ਹੈ। ਸਰਕਾਰ ਵੱਲੋਂ ਇਸ ਸਬੰਧੀ ਅਧਿਕਾਰਤ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਬੋਰਡ ਨੇ ਆਪਣੀਆਂ ਸਰਗਰਮੀਆਂ ਮੁੜ ਸ਼ੁਰੂ ਕਰਦਿਆਂ ਸੰਗਤ, ਸਥਾਨਕ ਲੋਕਾਂ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਲਗਭਗ 20 ਤੋਂ 25 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਅਤੇ ਵਿਸ਼ੇਸ਼ ਰਾਹਤਾਂ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ 8 ਮਾਰਚ 2019 ਨੂੰ ਗਠਿਤ ਕੀਤੇ ਗਏ ਚੁਣੇ ਹੋਏ ਪ੍ਰਬੰਧਕੀ ਬੋਰਡ ਨੂੰ ਜੂਨ 2022 ਵਿੱਚ ਤਤਕਾਲੀ ਮਹਾ ਵਿਕਾਸ ਅਗਾੜੀ ਸਰਕਾਰ ਵੱਲੋਂ ਐਕਟ ਦੀ ਧਾਰਾ 53 ਤਹਿਤ ਭੰਗ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਥਾਂ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ ਗਿਆ ਸੀ। ਸਰਕਾਰ ਦੇ ਇਸ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ।

ਇਸ ਮਾਮਲੇ ਵਿੱਚ ਬੰਬੇ ਹਾਈ ਕੋਰਟ ਦੇ ਔਰੰਗਾਬਾਦ ਬੈਂਚ ਨੇ 6 ਅਕਤੂਬਰ 2025 ਨੂੰ ਸਰਕਾਰੀ ਨੋਟੀਫਿਕੇਸ਼ਨ ਰੱਦ ਕਰਦਿਆਂ ਚੁਣੇ ਹੋਏ ਬੋਰਡ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤੀ ਹੁਕਮਾਂ ਦੀ ਪਾਲਣਾ ਨਾ ਹੋਣ ਕਾਰਨ ਬਾਅਦ ਵਿੱਚ ਅਦਾਲਤੀ ਤੌਹੀਨ ਦੀ ਪਟੀਸ਼ਨ ਵੀ ਦਾਇਰ ਕੀਤੀ ਗਈ। ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਦੇ ਮਾਲ ਅਤੇ ਵਣ ਵਿਭਾਗ ਦੇ ਉਪ ਸਕੱਤਰ ਭਗਵਾਨ ਸਾਵੰਤ ਵੱਲੋਂ 2022 ਦੇ ਬੋਰਡ ਭੰਗ ਕਰਨ ਵਾਲੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਬੋਰਡ ਦੀ ਮੁੜ ਬਹਾਲੀ ਸਬੰਧੀ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।

ਬੋਰਡ ਦੇ ਚੇਅਰਮੈਨ ਭੂਪਿੰਦਰ ਸਿੰਘ ਮਿਨਹਾਸ ਦੇ ਅਕਾਲ ਚਲਾਣੇ ਤੋਂ ਬਾਅਦ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਵਾ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਬੁੰਗਈ ਸਮੇਤ ਸਮੁੱਚੀ ਟੀਮ ਵੱਲੋਂ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ। ਬੋਰਡ ਦੀ ਬਹਾਲੀ ਤੋਂ ਬਾਅਦ ਟੀਮ ਨੇ ਸੰਗਤ ਦੀ ਸਹੂਲਤ ਅਤੇ ਸੰਸਥਾ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਕਈ ਅਹਿਮ ਫ਼ੈਸਲੇ ਕੀਤੇ ਹਨ।

ਬੋਰਡ ਵੱਲੋਂ ਤਖ਼ਤ ਸਾਹਿਬ ਦੇ ਕਰਮਚਾਰੀਆਂ ਨੂੰ 50 ਫ਼ੀਸਦੀ ਤਿਉਹਾਰੀ ਬੋਨਸ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ ਕਰਮਚਾਰੀਆਂ ਅਤੇ ਮਹਿਲਾਵਾਂ ਨੂੰ ਦੀਵਾਲੀ ਦੇ ਮੌਕੇ 1,000-1,000 ਰੁਪਏ ਦਾ ਵਿਸ਼ੇਸ਼ ਤੋਹਫ਼ਾ ਦਿੱਤਾ ਜਾਵੇਗਾ।

ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਬੋਰਡ ਵੱਲੋਂ 15 ਕਰੋੜ ਰੁਪਏ ਖ਼ਰਚਣ ਦਾ ਐਲਾਨ ਕੀਤਾ ਗਿਆ ਹੈ। ਇਸ ਰਕਮ ਨਾਲ ਆਧੁਨਿਕ MRI, CT ਸਕੈਨ, X-Ray ਸਮੇਤ ਹੋਰ ਜ਼ਰੂਰੀ ਡਾਇਗਨੌਸਟਿਕ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਸਹੂਲਤਾਂ ਦਾ ਲਾਭ ਤਖ਼ਤ ਸਾਹਿਬ ਵਿਖੇ ਆਉਣ ਵਾਲੀ ਸੰਗਤ ਦੇ ਨਾਲ-ਨਾਲ ਇਲਾਕੇ ਦੇ ਸਥਾਨਕ ਵਸਨੀਕਾਂ ਨੂੰ ਵੀ ਮਿਲੇਗਾ।

ਊਰਜਾ ਦੀ ਬੱਚਤ ਅਤੇ ਵਾਤਾਵਰਣ ਪੱਖੀ ਪ੍ਰਬੰਧਾਂ ਨੂੰ ਉਤਸ਼ਾਹਿਤ ਕਰਨ ਲਈ 5 ਕਰੋੜ ਰੁਪਏ ਦੀ ਲਾਗਤ ਨਾਲ ਸੋਲਰ ਪਾਵਰ ਸਿਸਟਮ ਸਥਾਪਤ ਕੀਤਾ ਜਾਵੇਗਾ। ਬੋਰਡ ਅਨੁਸਾਰ ਸੋਲਰ ਪ੍ਰਣਾਲੀ ਰਾਹੀਂ ਬਿਜਲੀ ਖ਼ਰਚ ਵਿੱਚ ਹੋਣ ਵਾਲੀ ਬੱਚਤ ਨੂੰ ਗੁਰਸਿੱਖ ਬੱਚਿਆਂ ਦੀ ਸਿੱਖਿਆ ਅਤੇ ਪੜ੍ਹਾਈ-ਲਿਖਾਈ 'ਤੇ ਖ਼ਰਚ ਕੀਤਾ ਜਾਵੇਗਾ।

ਬੋਰਡ ਨੇ ਕਿਹਾ ਹੈ ਕਿ ਇਹ ਐਲਾਨ ਸ਼ੁਰੂਆਤੀ ਕਦਮ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹਸਪਤਾਲਾਂ, ਵਿੱਦਿਅਕ ਸੰਸਥਾਵਾਂ, ਰਿਹਾਇਸ਼ੀ ਇਮਾਰਤਾਂ ਅਤੇ ਸੰਗਤ ਦੀਆਂ ਹੋਰ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਨਵੇਂ ਲੋਕ-ਭਲਾਈ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਚੁਣੇ ਹੋਏ ਬੋਰਡ ਦੀ ਬਹਾਲੀ ਤੋਂ ਬਾਅਦ ਕੀਤੇ ਗਏ ਇਹ ਐਲਾਨ ਤਖ਼ਤ ਸਾਹਿਬ ਦੇ ਪ੍ਰਬੰਧਕੀ ਅਤੇ ਵਿਕਾਸ ਕਾਰਜਾਂ ਨੂੰ ਨਵੀਂ ਦਿਸ਼ਾ ਦੇਣ ਵੱਲ ਅਹਿਮ ਕਦਮ ਮੰਨੇ ਜਾ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.