ਤਾਜਾ ਖਬਰਾਂ
ਚੰਡੀਗੜ੍ਹ, 4 ਨਵੰਬਰ- 'ਜ਼ਖ਼ਮ 84' ਸੰਮੇਲਨ ਦੇ ਦੂਜੇ ਸੈਸ਼ਨ 'ਸਿੱਖ ਨਸ਼ਲਕੁਸ਼ੀ, ਕਦੋਂ ਤੇ ਕਿਵੇਂ' ਦੌਰਾਨ 1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਆਪਣੇ ਨਾਲ ਵਾਪਰੀਆਂ ਰੂਹ ਕੰਬਾਊ ਘਟਨਾਵਾਂ ਅਤੇ ਇਨਸਾਫ਼ ਲਈ ਦਹਾਕਿਆਂ ਤੋਂ ਜਾਰੀ ਸੰਘਰਸ਼ ਦੀ ਦਾਸਤਾਨ ਸਾਂਝੀ ਕੀਤੀ। ਇਸ ਮੌਕੇ ਨਿਰਪ੍ਰੀਤ ਕੌਰ, ਸਤਪਾਲ ਕੌਰ, ਦਰਸ਼ਣ ਕੌਰ, ਸੋਨੀਆ ਕੌਰ, ਜਗਸ਼ੇਰ ਸਿੰਘ ਤੇ ਕਈ ਹੋਰ ਪੀੜਤਾਂ ਇਸ ਸੈਸ਼ਨ ਵਿੱਚ ਹਿੱਸਾ ਲਿਆ।
ਕਤਲੇਆਮ ਦੇ ਪੀੜ੍ਹਤ ਪਰਿਵਾਰਾਂ ਨਾਲ ਵਾਪਰੀਆਂ ਘਟਨਾਵਾਂ ਬਿਆਨ ਕਰਦਿਆਂ ਦੱਸਿਆ ਬੀਬੀ ਨਿਰਪ੍ਰੀਤ ਕੌਰ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨੂੰ ਉੱਜੜਦੇ ਦੇਖਿਆ ਅਤੇ ਕਿਵੇਂ ਇਨਸਾਫ਼ ਲਈ ਲੰਮੀ ਲੜਾਈ ਲੜਨੀ ਪਈ। ਪੀੜਤਾਂ ਨੇ ਕਾਂਗਰਸ 'ਤੇ ਮੁਆਫ਼ੀ ਨਾ ਮੰਗਣ ਅਤੇ ਉਨ੍ਹਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਨਾ ਲਾਉਣ ਦੇ ਦੋਸ਼ ਲਾਉਂਦਿਆਂ ਰਾਹੁਲ ਗਾਂਧੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ।
ਸੈਸ਼ਨ ਦੇ ਸੰਚਾਲਕ ਵਜੋਂ ਚਰਚਾ ਦੀ ਸ਼ੁਰੂਆਤ ਕਰਦਿਆਂ ਆਰ.ਪੀ. ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਅੱਜ ਕੱਲ੍ਹ ਬਹਿਸ ਦੀਆਂ ਚੁਣੌਤੀਆਂ ਦੇ ਰਹੇ ਹਨ, ਇਸ ਲਈ ਉਹ ਵੀ ਉਨ੍ਹਾਂ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਰਵੀ ਸ਼ੰਕਰ ਪ੍ਰਸਾਦ, ਐੱਚ.ਐੱਸ. ਫੂਲਕਾ ਅਤੇ ਬੀਬੀ ਨਿਰਪ੍ਰੀਤ ਕੌਰ ਨਾਲ 1984 ਦੇ ਕਤਲੇਆਮ ਬਾਰੇ ਬਹਿਸ ਕਰ ਲੈਣ। ਇਸ ਤੋਂ ਬਾਅਦ ਬੋਲ਼ਣ ਵਾਲੇ ਪੀੜਤਾਂ ਦੇ ਵਾਰ-ਵਾਰ ਇਹੀ ਗੱਲ ਦੁਹਰਾਈ, ਕਿ ਰਾਹੁਲ ਗਾਂਧੀ ਆਪਣੇ ਪਰਿਵਾਰ ਤੇ ਕਾਂਗਰਸ ਪਾਰਟੀ ਤੇ ਕਾਂਗਰਸ ਸਰਕਾਰਾਂ ਦੀ ਸਿੱਖ ਕਤਲੇਆਮ ਵਿੱਚ ਭੂਮਿਕਾ ਬਾਰੇ ਬਹਿਸ ਕਰ ਲੈਣ। ਪੀੜਤਾਂ ਨੇ ਕਤਲੇਆਮ ਨੂੰ ਗਿਣੀ-ਮਿੱਥੀ ਸਾਜ਼ਿਸ਼ ਕਰਾਰ ਦਿੰਦਿਆਂ ਕਾਂਗਰਸ 'ਤੇ ਮੁਆਫ਼ੀ ਨਾ ਮੰਗਣ ਅਤੇ ਇਨਸਾਫ਼ ਨਾ ਦੇਣ ਦੇ ਦੋਸ਼ ਲਾਏ।
ਨਿਰਪ੍ਰੀਤ ਕੌਰ ਦੀ ਕਹਾਣੀ
ਨਿਰਪ੍ਰੀਤ ਕੌਰ ਨੇ ਦੱਸਿਆ ਕਿ 1984 ਕਤਲੇਆਮ ਸਮੇਂ ਉਹ 16 ਸਾਲਾਂ ਦੀ ਸੀ ਅਤੇ ਉਨ੍ਹਾਂ ਦਾ ਪਰਿਵਾਰ ਪਾਵਰ ਕਲੋਨੀ ਵਿੱਚ ਰਹਿੰਦਾ ਸੀ। 31 ਅਕਤੂਬਰ ਨੂੰ ਬਲਵਾਨ ਖੋਖਰ ਉਨ੍ਹਾਂ ਦੇ ਘਰ ਆਇਆ ਅਤੇ ਭਰਾ ਨੂੰ ਡਰਾਈਵਰ ਰੱਖਣ ਦੀ ਗੱਲ ਕੀਤੀ, ਪਰ ਉਨ੍ਹਾਂ ਮੁਤਾਬਕ ਇਹ ਪਰਿਵਾਰਕ ਮੈਂਬਰਾਂ ਦੀ ਗਿਣਤੀ ਜਾਣਨ ਦਾ ਬਹਾਨਾ ਸੀ। ਉਸ ਰਾਤ ਦੋ ਪੁਲਿਸ ਮੁਲਾਜ਼ਮ ਸੁਰੱਖਿਆ ਦਾ ਭਰੋਸਾ ਦੇ ਕੇ ਘਰ ਆਏ ਅਤੇ ਚਾਹ ਪੀਤੀ। ਅਗਲੇ ਦਿਨ ਬਲਵਾਨ ਖੋਖਰ, ਕ੍ਰਿਸ਼ਨ ਖੋਖਰ ਅਤੇ ਹੋਰਨਾਂ ਦੀ ਸ਼ਮੂਲੀਅਤ ਵਾਲੀ ਭੀੜ ਨੇ ਘਰ ਘੇਰ ਲਿਆ। ਉਨ੍ਹਾਂ ਦੇ 9 ਸਾਲਾ ਭਰਾ ਨੂੰ 'ਸੱਪ ਦਾ ਬੱਚਾ' ਕਹਿ ਕੇ ਮਾਰਨ ਲਈ ਉਕਸਾਇਆ ਗਿਆ। ਪਿਤਾ ਨੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਪਰਿਵਾਰ ਨੇ ਚਾਰ ਘੰਟੇ ਭੀੜ ਦਾ ਸਾਹਮਣਾ ਕੀਤਾ। ਉਨ੍ਹਾਂ ਦੇ ਟਰੱਕ ਨੂੰ ਅੱਗ ਲਗਾਈ ਗਈ ਅਤੇ ਪੁਲਿਸ ਵੱਲੋਂ ਸਮਝੌਤੇ ਦੇ ਨਾਂ 'ਤੇ ਦਬਾਅ ਪਾਉਣ ਤੋਂ ਬਾਅਦ ਹਮਲਾ ਮੁੜ ਹੋਇਆ।
ਨਿਰਪ੍ਰੀਤ ਕੌਰ ਨੇ ਸੱਜਣ ਕੁਮਾਰ 'ਤੇ ਪੁਲਿਸ ਜੀਪ ਅੱਗੇ ਖੜ੍ਹ ਕੇ ਸਿੱਖਾਂ ਵਿਰੁੱਧ ਭੀੜ ਨੂੰ ਭੜਕਾਉਣ ਦੇ ਦੋਸ਼ ਲਾਏ। ਏਅਰਫੋਰਸ ਦੇ ਵਿੰਗ ਕਮਾਂਡਰ ਐੱਨ.ਐੱਸ. ਪਨੂੰ ਦੀ ਮਦਦ ਨਾਲ ਕਈ ਜਾਨਾਂ ਬਚੀਆਂ। ਉਨ੍ਹਾਂ ਦੱਸਿਆ ਕਿ ਟਾਡਾ ਤਹਿਤ ਜੇਲ੍ਹ ਅਤੇ ਤਿਹਾੜ ਜੇਲ੍ਹ ਵਿੱਚ ਰਹਿਣਾ ਪਿਆ। ਉਨ੍ਹਾਂ ਦੇ ਪਤੀ ਨੂੰ ਵੀ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਨਾਨਾਵਤੀ ਕਮਿਸ਼ਨ ਅਤੇ ਪਿਤਾ ਦਾ ਕੇਸ ਮੁੜ ਖੁੱਲ੍ਹਣ ਦੇ ਬਾਵਜੂਦ ਇਨਸਾਫ਼ ਦੀ ਲੜਾਈ ਲੰਮੀ ਰਹੀ।
ਔਰਤਾਂ ਨਾਲ ਕਿਸ ਤਰ੍ਹਾਂ ਦੇ ਜ਼ੁਲਮ ਹੋਏ
ਇਸ ਮੌਕੇ ਭਾਗੀ ਕੌਰ ਨੇ ਦੱਸਿਆ ਕਿ ਕਿਵੇਂ ਔਰਤਾਂ ਨੂੰ ਨੰਗਾ ਕਰਕੇ ਬਿਠਾਇਆ ਗਿਆ ਅਤੇ ਸਾਰੀ ਰਾਤ ਕਈ ਵਿਅਕਤੀਆਂ ਨੇ ਜਬਰ-ਜ਼ਨਾਹ ਕੀਤਾ। ਦੱਸਿਆ ਗਿਆ ਕਿ ਕਿਸ਼ੋਰੀ ਲਾਲ ਨਾਂ ਦੇ ਕਸਾਈ ਨੇ ਆਪਣੇ ਦਾਤ ਨਾਲ ਸੱਤ ਸਿੱਖ ਕਤਲ ਕੀਤੇ ਅਤੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਵਾਉਣ ਲ਼ਈ ਕੋਸ਼ਿਸ਼ ਕੀਤੀ।
ਸਤਪਾਲ ਕੌਰ ਨੇ ਦੱਸਿਆ ਕਿ 11 ਸਾਲ ਦੀ ਉਮਰ ਵਿੱਚ ਗੁਆਂਢੀਆਂ ਨੇ ਉਨ੍ਹਾਂ ਦੇ ਚਾਰ ਭੈਣਾਂ ਨੂੰ ਮੰਜੇ ਹੇਠ ਲੁਕਾ ਕੇ ਬਚਾਇਆ। ਬਾਅਦ ਵਿੱਚ ਉਹ ਨਾਰੀ ਨਿਕੇਤਨ ਵਿੱਚ ਰਹੀਆਂ, ਜਿੱਥੇ ਐੱਚ.ਐੱਸ. ਫੂਲਕਾ ਨੇ ਉਨ੍ਹਾਂ ਨੂੰ ਲੱਭਿਆ ਤੇ ਅਦਾਲਤ ਰਾਹੀਂ ਉਨ੍ਹਾਂ ਦੇ ਨਾਨਾ ਨੂੰ ਕਸਟੱਡੀ ਦੁਆਈ, ਤਿੰਨ ਭੈਣਾਂ ਨੂੰ ਪਾਲਣ ਲਈ ਸਤਪਾਲ ਕੌਰ ਨੂੰ 20-20 ਰੁਪਏ ਵਿੱਚ ਘਰਾਂ ਦੇ ਭਾਂਡੇ ਮਾਂਜਣੇ ਪਏ ਅਤੇ ਨੌਕਰੀ ਤੇ ਪੈਨਸ਼ਨ ਵੀ ਨਹੀਂ ਮਿਲੀ।
ਕੈਪਟਨ ਘੁੰਮਣ ਦਾ ਕਤਲ
ਇੱਕ ਹੋਰ ਪੀੜਤ ਨੇ ਸੇਵਾਮੁਕਤ ਕੈਪਟਨ ਘੁੰਮਣ ਸਿੰਘ ਚਾਹਲ ਦੀ ਹੱਤਿਆ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਚਾਰ ਜੰਗਾਂ ਲੜੀਆਂ ਸਨ। ਪੈਰਾਲਾਈਜ਼ਡ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਘਰ ਵਿੱਚ ਸਾੜ ਦਿੱਤਾ ਗਿਆ ਅਤੇ ਪਤੀ ਦੀਆਂ ਡਿਗਰੀਆਂ ਵੀ ਅੱਗ ਵਿੱਚ ਸੜ ਗਈਆਂ।
ਜਗਸ਼ੇਰ ਸਿੰਘ ਨੇ 18 ਸਾਲ ਦੀ ਉਮਰ ਵਿੱਚ ਪਾਲਮ ਵਿੱਚ ਹਿੰਸਾ ਦੇਖਣ, ਪੰਡਿਤ ਰਾਮ ਅਵਤਾਰ ਵੱਲੋਂ ਪਨਾਹ ਦੇਣ, ਸੱਜਣ ਕੁਮਾਰ 'ਤੇ ਭੀੜ ਭੜਕਾਉਣ ਦੇ ਦੋਸ਼ਾਂ ਅਤੇ ਸਿੱਖ ਰੈਜੀਮੈਂਟ ਤੇ ਏਅਰਫੋਰਸ ਵੱਲੋਂ ਲੋਕਾਂ ਨੂੰ ਬਚਾਉਣ ਦੀ ਗੱਲ ਦੱਸੀ। ਉਨ੍ਹਾਂ ਸੀਬੀਆਈ ਜਾਂਚ ਅਤੇ ਅਦਾਲਤੀ ਗਵਾਹੀਆਂ ਦੀਆਂ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ।
Get all latest content delivered to your email a few times a month.