ਤਾਜਾ ਖਬਰਾਂ
ਮੁਲਾਕਾਤ ਦੌਰਾਨ ਯੂਕੇ ਦੀਆਂ ਫੌਜੀ ਸੇਵਾਵਾਂ ਵਿੱਚ ਸਿੱਖਾਂ ਦੀ ਭਾਗੀਦਾਰੀ ਅਤੇ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਰਾਇਲ ਏਅਰ ਫੋਰਸ ਵਿੱਚ ਫਲਾਈਟ ਓਪਰੇਸ਼ਨਾਂ ਦੌਰਾਨ ਵਿਸ਼ੇਸ਼ ਮਾਸਕ ਪਹਿਨਣ ਦੀ ਤਕਨੀਕੀ ਲੋੜ ਕਾਰਨ ਸਿੱਖ ਜਵਾਨਾਂ ਨੂੰ ਆਪਣੀ ਦਾੜ੍ਹੀ ਦੇ ਕੇਸ ਕੱਟਣੇ ਪੈਂਦੇ ਹਨ।
ਇਸ ਮੁੱਦੇ ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਦੀ ਧਾਰਮਿਕ ਪਛਾਣ ਅਤੇ ਕੇਸਾਂ ਦੀ ਮਹੱਤਤਾ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਸਿੱਖ ਡਿਫੈਂਸ ਨੈਟਵਰਕ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਨੂੰ ਯੂਕੇ ਦੀ ਫੌਜ ਅਤੇ ਏਅਰ ਫੋਰਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਰਤਾਂ ਹੋਣਹਾਰ ਸਿੱਖ ਨੌਜਵਾਨਾਂ ਨੂੰ ਫੌਜੀ ਸੇਵਾਵਾਂ ਵਿੱਚ ਆਉਣ ਤੋਂ ਰੋਕ ਸਕਦੀਆਂ ਹਨ।
ਜਥੇਦਾਰ ਗੜਗੱਜ ਨੇ ਭਾਰਤੀ ਏਅਰ ਫੋਰਸ ਦੇ ਸਾਬਕਾ ਮੁਖੀ ਅਤੇ ਮਾਰਸ਼ਲ ਅਰਜਨ ਸਿੰਘ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਾਬਤ ਸੂਰਤ ਰਹਿੰਦਿਆਂ ਸੈਂਕੜੇ ਫਲਾਈਟ ਓਪਰੇਸ਼ਨ ਸਫਲਤਾਪੂਰਵਕ ਪੂਰੇ ਕੀਤੇ ਸਨ। ਉਨ੍ਹਾਂ ਮੁਤਾਬਕ ਸਿੱਖਾਂ ਨੇ ਵਿਸ਼ਵ ਯੁੱਧਾਂ ਸਮੇਤ ਕਈ ਜੰਗਾਂ ਵਿੱਚ ਆਪਣੀ ਧਾਰਮਿਕ ਪਛਾਣ ਬਰਕਰਾਰ ਰੱਖਦਿਆਂ ਬਹਾਦਰੀ ਨਾਲ ਸੇਵਾਵਾਂ ਨਿਭਾਈਆਂ ਹਨ। ਇਸ ਲਈ ਸਿੱਖ ਧਾਰਮਿਕ ਮਰਿਆਦਾਵਾਂ ਦਾ ਸਤਿਕਾਰ ਕਰਦਿਆਂ ਮੌਜੂਦਾ ਨਿਯਮਾਂ ਵਿੱਚ ਬਦਲਾਅ ਦੀ ਸੰਭਾਵਨਾ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਪ੍ਰਿਤਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਸਿੱਖ ਡਿਫੈਂਸ ਨੈਟਵਰਕ ਵੱਲੋਂ ਯੂਕੇ ਸਰਕਾਰ ਨਾਲ ਲਗਾਤਾਰ ਸੰਪਰਕ ਕਰਕੇ ਸਿੱਖਾਂ ਦੇ ਹਿੱਤਾਂ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਫਲਾਈਟ ਓਪਰੇਸ਼ਨਾਂ ਦੌਰਾਨ ਦਾੜ੍ਹੀ ਕੱਟਣ ਦੀ ਲੋੜ ਵਾਲੇ ਮਾਮਲੇ ਦਾ ਹੱਲ ਲੱਭਣ ਲਈ ਵੀ ਯਤਨ ਕੀਤੇ ਜਾਣਗੇ।
ਇਸ ਮੌਕੇ ਅਰਸ਼ਦੀਪ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਜਥੇਦਾਰ ਗੜਗੱਜ ਨੂੰ ਬ੍ਰਿਟਿਸ਼ ਫੌਜ ਵਿੱਚ ਸੇਵਾ ਨਿਭਾਉਣ ਵਾਲੇ ਸਿੱਖਾਂ ਅਤੇ ਹੋਰ ਭਾਰਤੀ ਅਧਿਕਾਰੀਆਂ ਨਾਲ ਸਬੰਧਤ ਦੋ ਯਾਦਗਾਰੀ ਤਸਵੀਰਾਂ ਭੇਟ ਕੀਤੀਆਂ। ਇਸ ਤੋਂ ਇਲਾਵਾ ਯੂਕੇ ਦੇ Remembrance Day ਦੇ ਮੱਦੇਨਜ਼ਰ ਖੰਡੇ ਉੱਤੇ ਖਸਖਸ ਦੇ ਫੁੱਲ ਵਾਲਾ ਵਿਸ਼ੇਸ਼ ਚਿੰਨ੍ਹ ਅਤੇ ਸਿੱਖ ਫੌਜੀਆਂ ਲਈ ਤਿਆਰ ਕੀਤਾ ਗਿਆ ਗੁਟਕਾ ਸਾਹਿਬ ਵੀ ਭੇਟ ਕੀਤਾ ਗਿਆ। ਜਥੇਦਾਰ ਗੜਗੱਜ ਨੇ ਅਰਸ਼ਦੀਪ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ, ਜੋ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਵੱਲੋਂ ਦਿੱਤਾ ਗਿਆ।
ਇਸੇ ਦੌਰਾਨ ਰਾਇਲ ਏਅਰ ਫੋਰਸ ਦੇ ਇੰਜੀਨੀਅਰਿੰਗ ਵਿੰਗ ਵਿੱਚ ਫਲਾਈਟ ਲੈਫਟੀਨੈਂਟ ਵਜੋਂ ਸੇਵਾਵਾਂ ਨਿਭਾ ਰਹੇ ਸਾਬਤ ਸੂਰਤ ਸਿੱਖ ਅਧਿਕਾਰੀ ਜਸਪਾਲ ਸਿੰਘ ਸਿੱਧੂ ਨੇ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਫੌਜ ਵਿੱਚ ਸਿੱਖਾਂ ਦੀ ਸ਼ਮੂਲੀਅਤ ਅਤੇ ਸਿੱਖੀ ਦੇ ਪ੍ਰਚਾਰ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਚਰਚਾ ਹੋਈ। ਜਥੇਦਾਰ ਗੜਗੱਜ ਨੇ ਜਸਪਾਲ ਸਿੰਘ ਸਿੱਧੂ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਰਸ਼ਦੀਪ ਸਿੰਘ ਅਤੇ ਜਸਪਾਲ ਸਿੰਘ ਸਿੱਧੂ ਵਰਗੇ ਨੌਜਵਾਨ ਦੁਨੀਆ ਭਰ ਦੇ ਸਿੱਖ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਨੌਜਵਾਨਾਂ ਨੂੰ ਉੱਚ ਸਿੱਖਿਆ ਹਾਸਲ ਕਰਕੇ ਵੱਖ-ਵੱਖ ਖੇਤਰਾਂ ਵਿੱਚ ਮਿਹਨਤ ਅਤੇ ਲਗਨ ਨਾਲ ਉੱਚ ਅਹੁਦਿਆਂ ਤੱਕ ਪਹੁੰਚਣ ਦਾ ਸੱਦਾ ਦਿੱਤਾ।
Get all latest content delivered to your email a few times a month.