IMG-LOGO
ਹੋਮ ਪੰਜਾਬ: ਅਟਾਰੀ ਵਾਹਗਾ ਰਾਹੀਂ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਵਤਨ ਪਰਤਿਆ;...

ਅਟਾਰੀ ਵਾਹਗਾ ਰਾਹੀਂ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਵਤਨ ਪਰਤਿਆ; ਭਾਰਤ ਸਰਕਾਰ ਦਾ ਜਤਾਇਆ ਧੰਨਵਾਦ

Admin User - Nov 05, 2026 02:58 PM
IMG

ਭਾਰਤ ਦੇ ਪ੍ਰਮੁੱਖ ਇਤਿਹਾਸਕ ਤੇ ਪਵਿੱਤਰ ਗੁਰਧਾਮਾਂ ਦੇ ਯਾਦਗਾਰੀ ਦਰਸ਼ਨ-ਦੀਦਾਰੇ ਕਰਨ ਉਪਰੰਤ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ 49 ਮੈਂਬਰੀ ਜਥਾ ਵੀਰਵਾਰ ਨੂੰ ਅਟਾਰੀ-ਵਾਹਗਾ ਜ਼ਮੀਨੀ ਸਰਹੱਦ ਰਾਹੀਂ ਸੁਰੱਖਿਅਤ ਆਪਣੇ ਵਤਨ ਰਵਾਨਾ ਹੋ ਗਿਆ। ਕਰੀਬ ਇੱਕ ਮਹੀਨੇ ਦੀ ਇਸ ਰੂਹਾਨੀ ਯਾਤਰਾ ਦੌਰਾਨ ਨਨਕਾਣਾ ਸਾਹਿਬ ਤੇ ਆਸ-ਪਾਸ ਦੇ ਖੇਤਰਾਂ ਤੋਂ ਆਏ ਸ਼ਰਧਾਲੂਆਂ ਨੇ ਸ੍ਰੀ ਹੇਮਕੁੰਟ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਰਾਜਧਾਨੀ ਦਿੱਲੀ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਮੱਥਾ ਟੇਕਿਆ ਅਤੇ ਦੋਵਾਂ ਮੁਲਕਾਂ ਵਿਚਾਲੇ ਅਮਨ-ਚੈਨ ਅਤੇ ਆਪਸੀ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ।


ਯਾਤਰਾ ਦੇ ਅੰਤਿਮ ਪੜਾਅ 'ਤੇ ਸ਼ਰਧਾਲੂਆਂ ਨੂੰ ਵਾਪਸੀ ਦੇ ਰਸਤੇ ਨੂੰ ਲੈ ਕੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਿਯਮਾਂ ਮੁਤਾਬਕ ਉਨ੍ਹਾਂ ਨੂੰ ਹਵਾਈ ਮਾਰਗ ਰਾਹੀਂ ਵਾਪਸ ਜਾਣਾ ਪੈਣਾ ਸੀ, ਜਿਸ ਕਾਰਨ ਕਨੈਕਟਿੰਗ ਉਡਾਣਾਂ ਅਤੇ ਲੰਬੀ ਕਾਗਜ਼ੀ ਕਾਰਵਾਈ ਕਰਕੇ 22 ਤੋਂ 24 ਘੰਟੇ ਦਾ ਖ਼ਰਾਬ ਸਮਾਂ ਲੱਗ ਰਿਹਾ ਸੀ। ਇਸ ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਭਾਰਤ ਸਰਕਾਰ ਤੱਕ ਪਹੁੰਚ ਕੀਤੀ। ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਅਟਾਰੀ ਸਰਹੱਦ ਰਾਹੀਂ ਸੜਕ ਮਾਰਗ ਤੋਂ ਜਾਣ ਦੀ ਵਿਸ਼ੇਸ਼ ਛੋਟ ਦਿੱਤੀ, ਜਿਸ ਤੋਂ ਬਾਅਦ ਜ਼ਰੂਰੀ ਇਮੀਗ੍ਰੇਸ਼ਨ ਕਾਰਵਾਈਆਂ ਪੂਰੀਆਂ ਕਰਕੇ ਜਥੇ ਨੂੰ ਸਨਮਾਨ ਸਹਿਤ ਰਵਾਨਾ ਕੀਤਾ ਗਿਆ।


ਨਨਕਾਣਾ ਸਾਹਿਬ ਤੋਂ ਆਏ ਸ਼ਰਧਾਲੂ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ 8 ਤਰੀਕ ਨੂੰ 30 ਦਿਨਾਂ ਦੇ ਵੀਜ਼ੇ 'ਤੇ ਭਾਰਤ ਆਏ ਸਨ। ਸ੍ਰੀ ਹੇਮਕੁੰਟ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਅਤੇ ਸੁਖਦ ਅਨੁਭਵ ਰਿਹਾ ਹੈ। ਉਨ੍ਹਾਂ ਨੇ ਬਿਨਾਂ ਕਿਸੇ ਰੁਕਾਵਟ ਦੇ ਯਾਤਰਾ ਸੰਪੂਰਨ ਹੋਣ 'ਤੇ ਭਾਰਤ ਸਰਕਾਰ, ਪਾਕਿਸਤਾਨ ਸਰਕਾਰ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਬਹਿਤਰੀਨ ਪ੍ਰਬੰਧਾਂ ਲਈ ਤਹਿ ਦਿਲੋਂ ਧੰਨਵਾਦ ਕੀਤਾ।


ਵਾਪਸੀ ਸਮੇਂ ਜਥੇ ਦੇ ਮੈਂਬਰਾਂ ਨੇ ਭਾਵੁਕ ਹੁੰਦਿਆਂ ਦੋਵਾਂ ਗੁਆਂਢੀ ਮੁਲਕਾਂ ਦੀਆਂ ਸਰਕਾਰਾਂ ਨੂੰ ਖ਼ਾਸ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਭਾਰਤ ਦੇ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਦੀ ਯਾਤਰਾ ਸੁਖਾਲੇ ਢੰਗ ਨਾਲ ਕਰਦੇ ਹਨ, ਉਸੇ ਤਰਜ਼ 'ਤੇ ਪਾਕਿਸਤਾਨੀ ਸਿੱਖਾਂ ਲਈ ਵੀ ਭਾਰਤ ਦੇ ਇਤਿਹਾਸਕ ਗੁਰਧਾਮਾਂ ਦੇ ਦੀਦਾਰ ਕਰਨ ਦਾ ਰਸਤਾ ਸਰਲ ਬਣਾਇਆ ਜਾਣਾ ਚਾਹੀਦਾ ਹੈ। ਜਥੇ ਮੁਤਾਬਕ ਅਜਿਹੀਆਂ ਧਾਰਮਿਕ ਫੇਰੀਆਂ ਅਤੇ ਆਪਸੀ ਮੇਲ-ਜੋਲ ਨਾਲ ਦੋਹਾਂ ਦੇਸ਼ਾਂ ਦੇ ਆਮ ਲੋਕਾਂ ਵਿਚਾਲੇ ਦੂਰੀਆਂ ਘਟਣਗੀਆਂ, ਜਿਸ ਨਾਲ ਸਰਹੱਦਾਂ 'ਤੇ ਸਦਭਾਵਨਾ ਤੇ ਅਮਨ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.