ਤਾਜਾ ਖਬਰਾਂ
ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ 'ਚ ਝਾਂਸੀ-ਮਿਰਜ਼ਾਪੁਰ ਰਾਸ਼ਟਰੀ ਰਾਜਮਾਰਗ 'ਤੇ ਅੱਜ ਤੜਕਸਾਰ ਇੱਕ ਖ਼ੌਫ਼ਨਾਕ ਸੜਕ ਹਾਦਸਾ ਵਾਪਰ ਗਿਆ। ਰੇਪੁਰਾ ਥਾਣਾ ਖੇਤਰ ਅਧੀਨ ਆਉਂਦੇ ਰਾਮਨਗਰ ਕਸਬੇ ਦੇ ਪਾਵਰ ਹਾਊਸ ਨੇੜੇ ਟਰੈਕਟਰ ਅਤੇ ਟਰਾਲੀ ਨੂੰ ਜੋੜਨ ਵਾਲਾ ਹੁੱਕ (ਲਿੰਕ) ਟੁੱਟ ਜਾਣ ਕਾਰਨ ਟਰਾਲੀ ਖੱਡ 'ਚ ਪਲਟ ਗਈ। ਇਸ ਦਰਦਨਾਕ ਘਟਨਾ 'ਚ 6 ਸਾਲਾ ਮਾਸੂਮ ਸਮੇਤ 4 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ, ਜਦਕਿ 12 ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਪ੍ਰਯਾਗਰਾਜ ਦੇ ਖੀਰੀ ਥਾਣਾ ਖੇਤਰ ਦੇ ਉਚਾ ਪਿੰਡ ਤੋਂ ਲਗਭਗ ਦੋ ਦਰਜਨ ਸ਼ਰਧਾਲੂ ਆਪਣੇ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਰਿਸ਼ਤੇਦਾਰਾਂ ਨਾਲ ਸ਼ਨੀਵਾਰ ਨੂੰ ਚਿਤਰਕੂਟ ਵਿਖੇ ਧਾਰਮਿਕ ਦਰਸ਼ਨਾਂ ਲਈ ਆਏ ਸਨ। ਐਤਵਾਰ ਦੇਰ ਰਾਤ ਦੀਪਦਾਨ ਅਤੇ ਦਰਸ਼ਨ ਕਰਨ ਤੋਂ ਬਾਅਦ ਇਹ ਸਾਰੇ ਸ਼ਰਧਾਲੂ ਟਰੈਕਟਰ-ਟਰਾਲੀ 'ਤੇ ਸਵਾਰ ਹੋ ਕੇ ਵਾਪਸ ਪ੍ਰਯਾਗਰਾਜ ਵੱਲ ਪਰਤ ਰਹੇ ਸਨ।
ਸੋਮਵਾਰ ਤੜਕੇ ਲਗਭਗ 2:30 ਵਜੇ ਜਦੋਂ ਟਰੈਕਟਰ ਤੇਜ਼ ਰਫ਼ਤਾਰ 'ਚ ਸੀ, ਤਾਂ ਅਚਾਨਕ ਟਰੈਕਟਰ ਅਤੇ ਟਰਾਲੀ ਨੂੰ ਜੋੜਨ ਵਾਲਾ ਐਕਸਲ ਟੁੱਟ ਗਿਆ। ਐਕਸਲ ਟੁੱਟਦਿਆਂ ਹੀ ਟਰੈਕਟਰ ਅੱਗੇ ਨਿਕਲ ਗਿਆ ਅਤੇ ਬੇਕਾਬੂ ਹੋਈ ਟਰਾਲੀ ਹਾਈਵੇਅ ਕਿਨਾਰੇ ਖੱਡ 'ਚ ਜਾ ਪਲਟੀ। ਟਰਾਲੀ ਪਲਟਦਿਆਂ ਹੀ ਮੌਕੇ 'ਤੇ ਚੀਕ-ਚਿਹਾੜਾ ਪੈ ਗਿਆ ਅਤੇ ਕਈ ਸ਼ਰਧਾਲੂ ਟਰਾਲੀ ਹੇਠਾਂ ਦੱਬ ਗਏ।
ਰਾਹਗੀਰਾਂ ਦੀ ਸੂਚਨਾ 'ਤੇ ਪਹੁੰਚੀ ਰੇਪੁਰਾ ਥਾਣਾ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਕੇ ਜ਼ਖ਼ਮੀਆਂ ਨੂੰ ਸੀ.ਐਚ.ਸੀ. (CHC) ਰਾਮਨਗਰ ਪਹੁੰਚਾਇਆ। ਹਸਪਤਾਲ ਦੇ ਡਾਕਟਰਾਂ ਨੇ ਚੱਕਘਾਟ (ਰੀਵਾ) ਨਿਵਾਸੀ ਤ੍ਰਿਵੇਣੀ ਦੇ 6 ਸਾਲਾ ਪੁੱਤਰ ਸ਼ਿਵਾਂਸ਼ ਅਤੇ ਉਚਾ ਪਿੰਡ (ਪ੍ਰਯਾਗਰਾਜ) ਨਿਵਾਸੀ ਰਾਧੇਕ੍ਰਿਸ਼ਨ ਸਮੇਤ 4 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਵਿੱਚੋਂ 3 ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਅਤੇ 1 ਪ੍ਰਯਾਗਰਾਜ ਦਾ ਰਹਿਣ ਵਾਲਾ ਸੀ।
ਰੇਪੁਰਾ ਥਾਣਾ ਇੰਚਾਰਜ ਰਾਮ ਸਿੰਘ ਨੇ ਦੱਸਿਆ ਕਿ 12 ਜ਼ਖ਼ਮੀਆਂ ਵਿੱਚੋਂ 7 ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਰਾਜ ਕੁਮਾਰੀ, ਦਿਵਯਾਂਸ਼ੀ, ਰੇਖਾ, ਸੰਗੀਤਾ ਅਤੇ ਸੁਨੈਨਾ ਸ਼ਾਮਲ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.