ਤਾਜਾ ਖਬਰਾਂ
ਜ਼ਿਲ੍ਹਾ ਸੰਗਰੂਰ ਦੇ ਪਿੰਡ ਲਹਿਲ ਕਲਾਂ ਵਿੱਚ ਦੀਵਾਲੀ ਦਾ ਤਿਉਹਾਰ ਦੋ ਕਿਸਾਨ ਪਰਿਵਾਰਾਂ ਲਈ ਗ਼ਮ ਦਾ ਕਾਰਨ ਬਣ ਗਿਆ। ਖੇਤਾਂ ਉੱਪਰੋਂ ਲੰਘਦੀ ਬਿਜਲੀ ਦੀ ਵੱਡੀ ਲਾਈਨ ਵਿੱਚ ਹੋਈ ਸਪਾਰਕਿੰਗ ਕਾਰਨ ਲੱਗੀ ਭਿਆਨਕ ਅੱਗ ਨੇ ਦੋ ਕਿਸਾਨਾਂ ਦੀ ਕਰੀਬ 8 ਏਕੜ ਪੱਕੀ ਝੋਨੇ ਦੀ ਫ਼ਸਲ ਪਲ ਭਰ ਵਿੱਚ ਬਰਬਾਦ ਕਰ ਦਿੱਤੀ। ਵਾਢੀ ਤੋਂ ਮਾਤਰ ਦੋ ਦਿਨ ਪਹਿਲਾਂ ਵਾਪਰੀ ਇਸ ਘਟਨਾ ਨਾਲ ਕਿਸਾਨਾਂ ਦੀ ਮਹੀਨਿਆਂ ਦੀ ਹੱਡ-ਭੰਨਵੀਂ ਮਿਹਨਤ ਅੱਖਾਂ ਸਾਹਮਣੇ ਸੁਆਹ ਹੋ ਗਈ।
ਪੀੜਤ ਕਿਸਾਨ ਰਾਮਪਾਲ ਸਿੰਘ ਅਨੁਸਾਰ ਇਹ ਘਟਨਾ ਬੀਤੇ ਦਿਨ ਦੁਪਹਿਰ ਲਗਭਗ 1 ਵਜੇ ਵਾਪਰੀ। ਬਿਜਲੀ ਦੀਆਂ ਤਾਰਾਂ ਵਿੱਚੋਂ ਨਿਕਲੀਆਂ ਚੰਗਿਆੜੀਆਂ ਨੇ ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਦੇਖਦੇ ਹੀ ਦੇਖਦੇ ਕਈ ਏਕੜ ਫ਼ਸਲ ਬਲ ਕੇ ਕੋਲਾ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਪਰ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਾ ਸੀ।
ਇਸ ਅੱਗ ਦੀ ਸਭ ਤੋਂ ਵੱਡੀ ਮਾਰ ਠੇਕੇ 'ਤੇ 5 ਏਕੜ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਮਜ਼ਦੂਰ ਕਿਸਾਨ ਅਵਤਾਰ ਸਿੰਘ 'ਤੇ ਪਈ ਹੈ। ਕਿਸਾਨ ਅਵਤਾਰ ਸਿੰਘ ਅਤੇ ਉਨ੍ਹਾਂ ਦੀ ਮਾਤਾ ਦਰਸ਼ਨਾ ਕੌਰ ਨੇ ਦੱਸਿਆ ਕਿ ਪਹਿਲਾਂ ਬੇਮੌਸਮੀ ਬਾਰਿਸ਼ ਕਾਰਨ ਉਨ੍ਹਾਂ ਦੀ ਗੋਭੀ ਦੀ ਫ਼ਸਲ ਤਬਾਹ ਹੋ ਗਈ ਸੀ ਅਤੇ ਹੁਣ ਹੱਥਾਂ ਵਿੱਚ ਆਈ ਝੋਨੇ ਦੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ। ਪਰਿਵਾਰ ਦੀ ਆਰਥਿਕ ਮੰਦਹਾਲੀ ਅਤੇ ਵਾਰ-ਵਾਰ ਪੈ ਰਹੀ ਮਾਰ ਦਾ ਜ਼ਿਕਰ ਕਰਦਿਆਂ ਮਾਤਾ ਦਰਸ਼ਨਾ ਕੌਰ ਆਪਣੇ ਅੱਥਰੂ ਨਾ ਰੋਕ ਸਕੇ।
ਪੀੜਤ ਕਿਸਾਨਾਂ ਅਤੇ ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਖੇਤਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਨੁਕਸਾਨੀ ਗਈ ਫ਼ਸਲ ਦਾ ਬਣਦਾ ਪੂਰਾ ਮੁਆਵਜ਼ਾ ਬਿਨਾਂ ਕਿਸੇ ਦੇਰੀ ਦੇ ਦਿੱਤਾ ਜਾਵੇ, ਤਾਂ ਜੋ ਇਸ ਔਖੀ ਘੜੀ ਵਿੱਚ ਪੀੜਤ ਪਰਿਵਾਰਾਂ ਨੂੰ ਆਰਥਿਕ ਰਾਹਤ ਮਿਲ ਸਕੇ।
Get all latest content delivered to your email a few times a month.