ਤਾਜਾ ਖਬਰਾਂ
ਵਿਸ਼ਵ ਦੀ ਸਭ ਤੋਂ ਵੱਡੀ ਚਿੱਪ ਨਿਰਮਾਤਾ ਕੰਪਨੀ ਐਨਵੀਡੀਆ (Nvidia) ਦੇ ਸੰਸਥਾਪਕ ਅਤੇ ਸੀਈਓ ਜੇਨਸਨ ਹੁਆਂਗ ਇਸ ਵੇਲੇ ਇੱਕ ਵੱਡੇ ਅੰਤਰਰਾਸ਼ਟਰੀ ਵਿਵਾਦ ਵਿੱਚ ਘਿਰ ਗਏ ਹਨ। ਅਮਰੀਕੀ ਖੁਫੀਆ ਏਜੰਸੀਆਂ ਵੱਲੋਂ ਰਾਸ਼ਟਰੀ ਸੁਰੱਖਿਆ ਅਤੇ ਚਿੱਪ ਕਾਰੋਬਾਰ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਵਾਦ ਦੇ ਕੇਂਦਰ ਵਿੱਚ ਐਲਿਸ ਹੁਆਂਗ (ਜਿਸ ਨੂੰ ਹੁਆਂਗ ਲੇ ਵੀ ਕਿਹਾ ਜਾਂਦਾ ਹੈ) ਨਾਮ ਦੀ ਮਹਿਲਾ ਹੈ, ਜਿਸ ਦੇ ਚੀਨ ਦੀ ਖੁਫੀਆ ਏਜੰਸੀ ਨਾਲ ਸਬੰਧ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਦੋਵਾਂ ਦੇ ਉਪਨਾਮ ਇੱਕੋ ਜਿਹੇ ਹਨ, ਪਰ ਉਨ੍ਹਾਂ ਵਿੱਚ ਕੋਈ ਪਰਿਵਾਰਕ ਰਿਸ਼ਤਾ ਨਹੀਂ ਹੈ।
ਇਸ ਪੂਰੇ ਮਾਮਲੇ 'ਤੇ ਜੇਨਸਨ ਹੁਆਂਗ ਨੇ ਆਪਣੀ ਪਤਨੀ ਨਾਲ ਬੇਵਫ਼ਾਈ ਕਰਨ ਦੀ ਗੱਲ ਜਨਤਕ ਤੌਰ 'ਤੇ ਮੰਨਦਿਆਂ ਆਪਣੇ ਪਰਿਵਾਰ ਤੋਂ ਮੁਆਫੀ ਮੰਗੀ ਹੈ। ਹਾਲਾਂਕਿ ਕਰਮਚਾਰੀਆਂ ਨੂੰ ਭੇਜੀ ਈਮੇਲ ਵਿੱਚ ਉਨ੍ਹਾਂ ਨੇ ਮਹਿਲਾ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ, ਪਰ ਬੋਰਡ ਆਫ਼ ਡਾਇਰੈਕਟਰਜ਼ ਕੋਲ ਇਨ੍ਹਾਂ ਸਬੰਧਾਂ ਦੀ ਪੁਸ਼ਟੀ ਕੀਤੀ ਹੈ। ਕੰਪਨੀ ਦੇ ਡਾਇਰੈਕਟਰ ਮੰਡਲ ਨੇ ਇੱਕ ਸੁਤੰਤਰ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਜੇਨਸਨ ਨੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਦੋਵਾਂ ਨੂੰ ਪਹਿਲੀ ਵਾਰ ਜੂਨ 2024 ਵਿੱਚ ਤਾਈਪੇ ਦੇ ਇੱਕ ਬਾਰ ਵਿੱਚ ਗੀਗਾਬਾਈਟ ਅਤੇ ਨੈੱਟਥੰਡਰ ਦੇ ਅਧਿਕਾਰੀਆਂ ਨਾਲ ਦੇਖਿਆ ਗਿਆ ਸੀ। ਬਾਅਦ ਵਿੱਚ ਮਈ 2025 ਵਿੱਚ ਵੀ ਤਾਈਪੇ ਦੇ ਇੱਕ ਰੈਸਟੋਰੈਂਟ ਬਾਹਰ ਐਲਿਸ ਨੂੰ ਜੇਨਸਨ ਦੇ ਨਾਲ ਦੇਖਿਆ ਗਿਆ, ਜਦੋਂ ਉਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਕਰਪੋਰੇਟ ਰਿਕਾਰਡਾਂ ਮੁਤਾਬਕ, ਮਾਰਚ 2023 ਵਿੱਚ ਸਿੰਗਾਪੁਰ ਦੀ ਕੰਪਨੀ '7ਰੋਡ ਇੰਟਰਨੈਸ਼ਨਲ' ਦਾ ਨਾਮ ਬਦਲ ਕੇ 'ਮੈਗਾਸਪੀਡ' ਰੱਖਿਆ ਗਿਆ ਅਤੇ ਐਲਿਸ ਇਸ ਦੀ ਮੈਨੇਜਿੰਗ ਡਾਇਰੈਕਟਰ ਬਣੀ। ਬਾਅਦ ਵਿੱਚ ਕੰਪਨੀ ਦੀ ਮਾਲਕੀ ਹੋਰ ਫਰਮਾਂ ਨੂੰ ਤਬਦੀਲ ਹੁੰਦੀ ਰਹੀ। ਐਲਿਸ ਦੇ ਸਬੰਧ ਸ਼ੰਘਾਈ ਅਤੇ ਝੇਜਿਆਂਗ ਦੇ ਕਈ ਨਿਵੇਸ਼ ਨੈੱਟਵਰਕਾਂ ਨਾਲ ਪਾਏ ਗਏ ਹਨ, ਜਿਨ੍ਹਾਂ ਨੇ ਚੀਨ ਦੇ ਫੌਜੀ ਤਕਨਾਲੋਜੀ ਸਮੂਹ (CETC) ਨਾਲ ਜੁੜੀਆਂ ਸਾਈਬਰ ਸੁਰੱਖਿਆ ਇਕਾਈਆਂ ਵਿੱਚ ਵੀ ਨਿਵੇਸ਼ ਕੀਤਾ ਹੋਇਆ ਹੈ। ਦੋਸ਼ ਹੈ ਕਿ ਨਿਵੇਸ਼ਕਾਂ ਨੇ ਫੰਡ ਇਕੱਠਾ ਕਰਨ ਲਈ ਜੇਨਸਨ ਨਾਲ ਆਪਣੇ ਸਬੰਧਾਂ ਦਾ ਫਾਇਦਾ ਉਠਾਇਆ।
ਮੈਗਾਸਪੀਡ ਨੇ ਮਲੇਸ਼ੀਆ ਵਿੱਚ 'ਸਪੀਡਮੈਟ੍ਰਿਕਸ' ਨਾਮਕ ਸਹਾਇਕ ਕੰਪਨੀ ਬਣਾਈ। ਵਪਾਰਕ ਦਸਤਾਵੇਜ਼ਾਂ ਅਨੁਸਾਰ, ਜੂਨ 2024 ਤੋਂ ਫਰਵਰੀ 2026 ਦੇ ਵਿਚਕਾਰ ਇਸ ਕੰਪਨੀ ਨੇ ਐਨਵੀਡੀਆ ਚਿਪਸ 'ਤੇ ਅਧਾਰਤ ਲਗਭਗ 4.8 ਅਰਬ ਡਾਲਰ ਦੇ ਉੱਨਤ ਏਆਈ ਉਪਕਰਣ ਖਰੀਦੇ। ਮੈਗਾਸਪੀਡ ਨੇ ਦੱਖਣ-ਪੂਰਬੀ ਏਸ਼ੀਆ ਵਿੱਚ ਡੇਟਾ ਸੈਂਟਰ ਬਣਾ ਕੇ ਅਲੀਬਾਬਾ ਵਰਗੀਆਂ ਚੀਨੀ ਕੰਪਨੀਆਂ ਨੂੰ ਕੰਪਿਊਟਿੰਗ ਸਮਰੱਥਾ ਲੀਜ਼ 'ਤੇ ਦਿੱਤੀ, ਜਿਸ ਨਾਲ ਚਿਪਸ ਨੂੰ ਸਿੱਧਾ ਚੀਨ ਭੇਜੇ ਬਿਨਾਂ ਅਮਰੀਕੀ ਪਾਬੰਦੀਆਂ ਨੂੰ ਓਹਲੇ ਕਰਨ ਦਾ ਰਸਤਾ ਲੱਭਿਆ ਗਿਆ। ਅਮਰੀਕੀ ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਕੀ ਉਪਕਰਣ ਗੈਰ-ਕਾਨੂੰਨੀ ਤੌਰ 'ਤੇ ਚੀਨ ਤਸਕਰ ਕੀਤੇ ਗਏ ਸਨ।
ਐਨਵੀਡੀਆ ਦਾ ਪੱਖ: ਕੰਪਨੀ ਨੇ ਤਸਕਰੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸਾਰੀਆਂ ਕਾਨੂੰਨੀ ਪਾਬੰਦੀਆਂ ਦੀ ਪਾਲਣਾ ਕਰਦੀ ਹੈ। ਹਾਲਾਂਕਿ, ਐਨਵੀਡੀਆ ਨੇ ਮੈਗਾਸਪੀਡ ਨੂੰ ਆਪਣੇ 'ਪ੍ਰੈਫਰਡ ਕਲਾਊਡ ਪਾਰਟਨਰ' ਦੀ ਸੂਚੀ ਤੋਂ ਹਟਾ ਦਿੱਤਾ ਹੈ।
ਚੀਨ ਅਤੇ ਸਿੰਗਾਪੁਰ ਦੀ ਪ੍ਰਤੀਕਿਰਿਆ: ਬੀਜਿੰਗ ਸਥਿਤ ਚੀਨੀ ਦੂਤਾਵਾਸ ਨੇ ਇਨ੍ਹਾਂ ਦੋਸ਼ਾਂ ਨੂੰ "ਬੇਬੁਨਿਆਦ ਅਤੇ ਝੂਠਾ ਪ੍ਰਚਾਰ" ਕਰਾਰ ਦਿੱਤਾ ਹੈ। ਉੱਥੇ ਹੀ ਸਿੰਗਾਪੁਰ ਦੇ ਗ੍ਰਹਿ ਮੰਤਰਾਲੇ ਨੇ ਵੀ ਚੀਨੀ ਏਜੰਸੀਆਂ ਲਈ ਕੰਮ ਕਰਨ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ, ਪਰ ਪੁਲਿਸ ਨੇ ਮੰਨਿਆ ਕਿ ਮੈਗਾਸਪੀਡ ਨਾਲ ਜੁੜੀ ਇੱਕ ਵੱਖਰੀ ਜਾਂਚ ਚੱਲ ਰਹੀ ਹੈ।
ਵਿਵਾਦ ਦੇ ਵਧਣ ਤੋਂ ਬਾਅਦ ਅਮਰੀਕੀ ਕਾਂਗਰਸ ਦੀਆਂ ਤਿੰਨ ਰਿਪਬਲਿਕਨ ਕਮੇਟੀਆਂ ਦੇ ਚੇਅਰਮੈਨਾਂ ਨੇ ਜੇਨਸਨ ਹੁਆਂਗ ਨੂੰ 18 ਨਵੰਬਰ ਨੂੰ ਬੰਦ ਕਮਰਾ ਮੀਟਿੰਗ ਵਿੱਚ ਪੇਸ਼ ਹੋਣ ਅਤੇ ਸਪੱਸ਼ਟੀਕਰਨ ਦੇਣ ਲਈ ਸੰਮਨ ਜਾਰੀ ਕੀਤਾ ਹੈ।
Get all latest content delivered to your email a few times a month.