IMG-LOGO
ਹੋਮ ਪੰਜਾਬ: ਸੂਰਤ ਦੇ ਕੱਪੜਾ ਵਪਾਰੀ ਨੇ ਮਿਸਾਲ ਕੀਤੀ ਕਾਇਮ: ਦੀਵਾਲੀ 'ਤੇ...

ਸੂਰਤ ਦੇ ਕੱਪੜਾ ਵਪਾਰੀ ਨੇ ਮਿਸਾਲ ਕੀਤੀ ਕਾਇਮ: ਦੀਵਾਲੀ 'ਤੇ 20 ਮਹਿਲਾ ਕਰਮਚਾਰੀਆਂ ਨੂੰ ਵੰਡਿਆ 20 ਲੱਖ ਤੋਂ ਵੱਧ ਦਾ ਕੈਸ਼ ਬੋਨਸ

Admin User - Nov 09, 2026 02:20 PM
IMG

ਸੂਰਤ: ਰੋਸ਼ਨੀ ਅਤੇ ਖੁਸ਼ੀਆਂ ਦੇ ਤਿਉਹਾਰ ਦੀਵਾਲੀ ਦੇ ਸ਼ੁਭ ਅਵਸਰ 'ਤੇ ਗੁਜਰਾਤ ਦੇ ਸੂਰਤ ਤੋਂ ਇੱਕ ਬੇਹੱਦ ਪ੍ਰੇਰਨਾਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਮੋਟਾ ਵਰਾਛਾ ਇਲਾਕੇ ਵਿੱਚ 'ਮਹਾਦੇਵ ਕਲੌਥ ਸੈਂਟਰ' ਦੇ ਮਾਲਕ ਅਤੇ ਕੱਪੜਾ ਵਪਾਰੀ ਰਾਮਸਵਰੂਪ ਮੂੰਡ ਨੇ ਆਪਣੇ ਮੁਲਾਜ਼ਮਾਂ ਪ੍ਰਤੀ ਦਰਿਆਦਿਲ੍ਹੀ ਦਿਖਾਉਂਦੇ ਹੋਏ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਨ੍ਹਾਂ ਨੇ ਆਪਣੀਆਂ 20 ਮਹਿਲਾ ਕਰਮਚਾਰੀਆਂ ਦੀ ਅਣਥੱਕ ਮਿਹਨਤ ਦਾ ਸਨਮਾਨ ਕਰਦਿਆਂ ਪ੍ਰਤੀ ਕਰਮਚਾਰੀ 1-1 ਲੱਖ ਰੁਪਏ ਤੋਂ ਵੱਧ ਦਾ ਨਕਦ ਬੋਨਸ ਦਿੱਤਾ ਹੈ।


ਰਾਮਸਵਰੂਪ ਮੂੰਡ ਨੇ ਇਸ ਤੋਹਫ਼ੇ ਨੂੰ ਦੇਣ ਦਾ ਅੰਦਾਜ਼ ਵੀ ਬੇਹੱਦ ਖ਼ਾਸ ਰੱਖਿਆ। ਪਰੰਪਰਾਗਤ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਦੀ ਬਜਾਏ, 10, 20, 50, 100, 200 ਅਤੇ 500 ਰੁਪਏ ਦੇ ਨੋਟਾਂ ਦੇ ਬੰਡਲਾਂ ਨੂੰ ਚਾਂਦੀ ਰੰਗੀਆਂ ਪੂਜਾ ਦੀਆਂ ਥਾਲੀਆਂ ਵਿੱਚ ਸਜਾ ਕੇ ਪੂਰੇ ਆਦਰ-ਸਤਿਕਾਰ ਨਾਲ ਵੰਡਿਆ ਗਿਆ। ਕੁੱਲ ਮਿਲਾ ਕੇ 20 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਬੋਨਸ ਵਜੋਂ ਤਕਸੀਮ ਕੀਤੀ ਗਈ।


ਇਸ ਅਣਕਿਆਸੇ ਸਰਪ੍ਰਾਈਜ਼ ਨੂੰ ਦੇਖ ਕੇ ਸ਼ੋਰੂਮ ਵਿੱਚ ਮੌਜੂਦ ਕਈ ਮਹਿਲਾ ਕਰਮਚਾਰੀਆਂ ਦੀਆਂ ਅੱਖਾਂ ਵਿੱਚੋਂ ਖ਼ੁਸ਼ੀ ਦੇ ਹੰਝੂ ਵਹਿ ਤੁਰੇ। ਇੱਕ ਮਹਿਲਾ ਮੁਲਾਜ਼ਮ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਇਹ ਰਾਸ਼ੀ ਉਸ ਦੇ ਆਪਣੇ ਘਰ ਦਾ ਸੁਪਨਾ ਪੂਰਾ ਕਰਨ ਵਿੱਚ ਵੱਡਾ ਸਹਾਰਾ ਬਣੇਗੀ।


ਮੂਲ ਰੂਪ ਵਿੱਚ ਰਾਜਸਥਾਨ ਦੇ ਬੀਕਾਨੇਰ ਨਾਲ ਸਬੰਧਤ ਕਾਰੋਬਾਰੀ ਰਾਮਸਵਰੂਪ ਮੂੰਡ ਨੇ ਦੱਸਿਆ, "ਮੇਰੇ ਕਰਮਚਾਰੀ ਮੇਰੇ ਪਰਿਵਾਰ ਵਰਗੇ ਹਨ। ਮੈਂ ਚਾਹੁੰਦਾ ਸੀ ਕਿ ਦੀਵਾਲੀ ਦੀ ਰੌਸ਼ਨੀ ਅਤੇ ਖੁਸ਼ੀਆਂ ਸਿਰਫ਼ ਮੇਰੇ ਘਰ ਤੱਕ ਹੀ ਸੀਮਤ ਨਾ ਰਹਿਣ, ਸਗੋਂ ਦਿਨ-ਰਾਤ ਸਾਡੇ ਨਾਲ ਮਿਹਨਤ ਕਰਨ ਵਾਲੇ ਇਨ੍ਹਾਂ ਮੁਲਾਜ਼ਮਾਂ ਦੇ ਘਰਾਂ ਵਿੱਚ ਵੀ ਦੀਵੇ ਜਗਣ।"


ਇਸ ਬੋਨਸ ਵੰਡ ਸਮਾਰੋਹ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਕਾਰੋਬਾਰੀ ਦੀ ਖੁੱਲ੍ਹ ਕੇ ਤਾਰੀਫ਼ ਕਰ ਰਹੇ ਹਨ। ਨੇਟੀਜ਼ਨਜ਼ ਦਾ ਕਹਿਣਾ ਹੈ ਕਿ ਅਜਿਹੇ ਮਾਲਕ ਵਿਰਲੇ ਹੀ ਹੁੰਦੇ ਹਨ ਜੋ ਆਪਣੇ ਸਟਾਫ਼ ਦੇ ਯੋਗਦਾਨ ਨੂੰ ਸਮਝਦੇ ਹਨ। ਉੱਥੇ ਹੀ ਕਈ ਯੂਜ਼ਰਜ਼ ਨੇ ਮਜ਼ਾਕੀਆ ਲਹਿਜ਼ੇ ਵਿੱਚ ਇਹ ਵੀ ਪੁੱਛਿਆ ਕਿ ਇਸ ਸ਼ੋਰੂਮ ਵਿੱਚ ਨੌਕਰੀ ਲਈ ਅਪਲਾਈ ਕਿਵੇਂ ਕੀਤਾ ਜਾ ਸਕਦਾ ਹੈ।


ਤਿਉਹਾਰਾਂ ਦੇ ਇਸ ਸੀਜ਼ਨ ਵਿੱਚ ਸੂਰਤ ਦੇ ਇਸ ਵਪਾਰੀ ਦੀ ਪਹਿਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਸਲ ਦੀਵਾਲੀ ਉਹੀ ਹੈ ਜੋ ਦੂਜਿਆਂ ਦੇ ਜੀਵਨ ਵਿੱਚ ਰੋਸ਼ਨੀ ਭਰ ਦੇਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.