ਤਾਜਾ ਖਬਰਾਂ
ਦੀਵਾਲੀ ਦੀ ਰੌਸ਼ਨ ਰਾਤ ਇੱਕ ਹੱਸਦੇ-ਖੇਡਦੇ ਪਰਿਵਾਰ ਲਈ ਉਮਰ ਭਰ ਦਾ ਦਰਦ ਬਣ ਕੇ ਰਹਿ ਗਈ। ਰਾਇਕੋਟ ਇਲਾਕੇ ਦੀ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਪਟਾਕੇ ਚਲਾਉਂਦੇ ਸਮੇਂ ਹੋਏ ਇੱਕ ਦਰਦਨਾਕ ਹਾਦਸੇ ਵਿੱਚ 14 ਸਾਲਾ ਬੱਚੇ ਗਗਨ ਦੀ ਮੌਤ ਹੋ ਗਈ। ਗਗਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਅਚਾਨਕ ਵਾਪਰੀ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ, ਦੀਵਾਲੀ ਵਾਲੀ ਰਾਤ ਕਰੀਬ 9 ਵਜੇ ਸੁਮੇਸ਼ ਕੁਮਾਰ ਆਪਣੇ ਪਰਿਵਾਰ ਨਾਲ ਨਵੀਂ ਆਬਾਦੀ ਅਕਾਲਗੜ੍ਹ ਸਥਿਤ ਆਪਣੇ ਵੱਡੇ ਭਰਾ ਦੇ ਘਰ ਦੀਵਾਲੀ ਮਨਾਉਣ ਅਤੇ ਮੱਥਾ ਟੇਕਣ ਗਏ ਸਨ। ਇਸ ਦੌਰਾਨ ਪਰਿਵਾਰ ਦੇ ਬੱਚੇ ਅਤੇ ਮੈਂਬਰ ਛੱਤ 'ਤੇ ਪਟਾਕੇ ਚਲਾ ਰਹੇ ਸਨ।
ਚਸ਼ਮਦੀਦਾਂ ਅਨੁਸਾਰ, ਇੱਕ ਪਟਾਕੇ ਨੂੰ ਪਹਿਲੀ ਵਾਰ ਅੱਗ ਲਗਾਉਣ 'ਤੇ ਉਹ ਨਹੀਂ ਚੱਲਿਆ। ਜਦੋਂ ਉਸ ਨੂੰ ਦੂਜੀ ਵਾਰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਇਸ ਧਮਾਕੇ ਦੀ ਲਪੇਟ ਵਿੱਚ ਆਉਣ ਨਾਲ 14 ਸਾਲਾ ਗਗਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪਰਿਵਾਰ ਵਾਲੇ ਤੁਰੰਤ ਉਸ ਨੂੰ ਇਲਾਜ ਲਈ ਸੁਧਾਰ ਦੇ ਸਰਬਜੀਤ ਹਸਪਤਾਲ ਲੈ ਕੇ ਪਹੁੰਚੇ, ਪਰ ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਜਿਸ ਘਰ ਵਿੱਚ ਕੁਝ ਸਮਾਂ ਪਹਿਲਾਂ ਤੱਕ ਹਾਸੇ ਅਤੇ ਰੌਸ਼ਨੀਆਂ ਸਨ, ਉੱਥੇ ਪਲ ਭਰ ਵਿੱਚ ਚੀਕ-ਚਿਹਾੜਾ ਪੈ ਗਿਆ। ਇਕਲੌਤੇ ਪੁੱਤਰ ਦੀ ਅਚਾਨਕ ਮੌਤ ਨਾਲ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਖ਼ਬਰ ਮਿਲਦਿਆਂ ਹੀ ਰਿਸ਼ਤੇਦਾਰ ਅਤੇ ਪਿੰਡ ਵਾਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ।
ਇਸ ਦਰਦਨਾਕ ਹਾਦਸੇ ਨੇ ਇੱਕ ਵਾਰ ਫਿਰ ਤਿਉਹਾਰਾਂ ਦੌਰਾਨ ਪਟਾਕਿਆਂ ਦੀ ਵਰਤੋਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਤਿਉਹਾਰਾਂ ਮੌਕੇ ਪਟਾਕੇ ਚਲਾਉਂਦੇ ਸਮੇਂ ਬੱਚਿਆਂ ਦੀ ਨਿਗਰਾਨੀ ਅਤੇ ਸਾਵਧਾਨੀ ਨੂੰ ਸਭ ਤੋਂ ਪਹਿਲ ਦਿੱਤੀ ਜਾਵੇ।
Get all latest content delivered to your email a few times a month.