ਤਾਜਾ ਖਬਰਾਂ
ਨੇਪਾਲ ਦੇ ਪਹਾੜੀ ਖੇਤਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ 10 ਯਾਤਰੀਆਂ ਦੀ ਜਾਨ ਚਲੀ ਗਈ, ਜਦਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਹ ਦਰਦਨਾਕ ਘਟਨਾ ਮਕਵਾਨਪੁਰ ਜ਼ਿਲ੍ਹੇ ਦੀ ਭੀਮਫੇਦੀ ਨਗਰਪਾਲਿਕਾ-6 ਸਥਿਤ ਚਿਸਾਪਾਨੀ ਗੜ੍ਹੀ ਨੇੜੇ ਵਾਪਰੀ, ਜਿੱਥੇ ਯਾਤਰੀਆਂ ਨਾਲ ਭਰੀ ਇੱਕ ਇਲੈਕਟ੍ਰਿਕ ਵੈਨ (EV) ਬੇਕਾਬੂ ਹੋ ਕੇ ਕਰੀਬ 500 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ।
ਪ੍ਰਾਪਤ ਵੇਰਵਿਆਂ ਅਨੁਸਾਰ, ਮਧੇਸ਼ ਪ੍ਰਦੇਸ਼ 03-001 ਜੇ 0880 ਨੰਬਰ ਵਾਲੀ ਇਹ ਵੈਨ ਕਾਠਮੰਡੂ ਤੋਂ ਸਰਲਾਹੀ ਵੱਲ ਜਾ ਰਹੀ ਸੀ। ਜਦੋਂ ਵਾਹਨ ਭੀਮਫੇਦੀ-ਕੁਲੇਖਾਨੀ-ਕਾਠਮੰਡੂ ਮਾਰਗ 'ਤੇ ਚਿਸਾਪਾਨੀ ਗੜ੍ਹੀ ਕੋਲ ਪਹੁੰਚਿਆ ਤਾਂ ਚਾਲਕ ਵਾਹਨ ਤੋਂ ਸੰਤੁਲਨ ਗੁਆ ਬੈਠਾ ਅਤੇ ਵੈਨ ਸਿੱਧੀ ਹੇਠਾਂ ਖਾਈ ਵਿੱਚ ਜਾ ਡਿੱਗੀ। ਨੇਪਾਲ ਆਰਮਡ ਪੁਲਿਸ ਫੋਰਸ ਦੇ ਸਹਿ-ਬੁਲਾਰੇ ਸ਼ੈਲੇਂਦਰ ਥਾਪਾ ਨੇ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਤੁਰੰਤ ਹੇਟੌਂਡਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਸਰਲਾਹੀ ਜ਼ਿਲ੍ਹੇ ਦੇ ਚੱਕਰਘਟਾ ਨਗਰਪਾਲਿਕਾ-4 (ਸੁੰਦਰਪੁਰਟੋਲ) ਦੇ ਵਾਸੀਆਂ ਵਜੋਂ ਹੋਈ ਹੈ, ਜਿਨ੍ਹਾਂ ਵਿੱਚ 33 ਸਾਲਾ ਮੁਕੇਸ਼ ਯਾਦਵ ਅਤੇ ਦੋ ਮਾਸੂਮ ਬੱਚੇ—ਪੰਜ ਸਾਲਾ ਸਕਸ਼ਮ ਕੁਮਾਰ ਯਾਦਵ ਤੇ ਤਿੰਨ ਸਾਲਾ ਸੁਦਨ ਯਾਦਵ ਸ਼ਾਮਲ ਹਨ। ਹਸਪਤਾਲ ਦੇ ਸੂਤਰਾਂ ਮੁਤਾਬਕ ਮੁਕੇਸ਼ ਦੇ ਸਿਰ ਤੇ ਪਿੱਠ ਵਿੱਚ ਸੱਟਾਂ ਹਨ ਅਤੇ ਸਕਸ਼ਮ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ, ਪਰ ਦੋਵਾਂ ਦੀ ਹਾਲਤ ਸਥਿਰ ਹੈ। ਦੂਜੇ ਪਾਸੇ, ਤਿੰਨ ਸਾਲਾ ਸੁਦਨ ਦੇ ਸਿਰ ਅਤੇ ਮੂੰਹ 'ਤੇ ਸੱਟਾਂ ਲੱਗਣ ਕਾਰਨ ਉਸਦੀ ਹਾਲਤ ਦਰਮਿਆਨੀ ਬਣੀ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਵਿੱਢ ਦਿੱਤੇ। ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।
Get all latest content delivered to your email a few times a month.