IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਕੈਨੇਡਾ ਦੇ ‘ਮੋਸਟ ਵਾਂਟੇਡ’ ਅਪਰਾਧੀਆਂ ਦੀ ਸੂਚੀ ਵਿੱਚ ਗੋਲਡੀ ਬਰਾੜ...

ਕੈਨੇਡਾ ਦੇ ‘ਮੋਸਟ ਵਾਂਟੇਡ’ ਅਪਰਾਧੀਆਂ ਦੀ ਸੂਚੀ ਵਿੱਚ ਗੋਲਡੀ ਬਰਾੜ ਸਿਖ਼ਰ ’ਤੇ; ਗ੍ਰਿਫ਼ਤਾਰੀ ਲਈ 2.5 ਲੱਖ ਡਾਲਰ ਦਾ ਇਨਾਮ ਐਲਾਨਿਆ

Admin User - Nov 20, 2026 10:18 AM
IMG

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜਿਆਂ ਵਿੱਚ ਸ਼ਾਮਲ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ’ਤੇ ਕੈਨੇਡੀਅਨ ਏਜੰਸੀਆਂ ਨੇ ਸ਼ਿਕੰਜਾ ਕੱਸ ਦਿੱਤਾ ਹੈ। ਕੈਨੇਡਾ ਦੇ ‘ਬੋਲੋ ਪ੍ਰੋਗਰਾਮ’ (Bolo Program) ਤਹਿਤ ਜਾਰੀ ਕੀਤੀ ਗਈ ਦੇਸ਼ ਦੇ 25 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਤਾਜ਼ਾ ਸੂਚੀ ਵਿੱਚ ਬਰਾੜ ਨੂੰ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਸੂਚਨਾ ਦੇਣ ਵਾਲੇ ਨੂੰ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।


ਵਿਨੀਪੈੱਗ ਪੁਲੀਸ ਮੁਤਾਬਕ 20 ਸਤੰਬਰ 2023 ਨੂੰ ਕੈਸਲਬਰੀ ਮੀਡੋਜ਼ ਇਲਾਕੇ ਵਿੱਚ ਹੋਈ ਗੋਲ਼ੀਬਾਰੀ ਦੌਰਾਨ 39 ਸਾਲਾ ਸੁਖਦੂਲ ਸਿੰਘ ਗਿੱਲ ਦਾ ਕਤਲ ਹੋ ਗਿਆ ਸੀ। ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਪੁਲੀਸ ਵੱਲੋਂ ‘ਪ੍ਰੋਜੈਕਟ ਕ੍ਰੇਟ’ (Project Krate) ਚਲਾਇਆ ਗਿਆ। ਜਾਂਚ ਉਪਰੰਤ ਗੋਲਡੀ ਬਰਾੜ ਅਤੇ ਉਸ ਦੇ ਕਥਿਤ ਸਾਥੀ ਕਰਨਬੀਰ ਸਿੰਘ (26) ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਵਾਰੰਟ ਜਾਰੀ ਕੀਤੇ ਗਏ ਹਨ, ਪਰ ਦੋਵੇਂ ਮੁਲਜ਼ਮ ਅਜੇ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।


ਭਗੌੜਿਆਂ ਦੀ ਪਛਾਣ ਨੂੰ ਆਮ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਉਣ ਲਈ ਇਸ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਸਹਾਰਾ ਲਿਆ ਗਿਆ ਹੈ। ਏਜੰਸੀਆਂ ਵੱਲੋਂ ਅਪਰਾਧੀਆਂ ਦੇ ਚਿਹਰਿਆਂ ਦੇ ਹੂਬਹੂ ਡਿਜੀਟਲ ਮਾਡਲ ਅਤੇ ਵਿਸ਼ੇਸ਼ ਵੀਡੀਓ ਜਾਰੀ ਕੀਤੇ ਗਏ ਹਨ। ਵਿਨੀਪੈੱਗ ਪੁਲੀਸ ਦੇ ਡਿਪਟੀ ਚੀਫ਼ ਕੈਮ ਮੈਕਕਿਡ ਨੇ ਬਰਾੜ ਨੂੰ ਬੇਹੱਦ ਖ਼ਤਰਨਾਕ ਅਪਰਾਧੀ ਕਰਾਰ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਦਾ ਨੈੱਟਵਰਕ ਕੌਮਾਂਤਰੀ ਪੱਧਰ ’ਤੇ ਫੈਲਿਆ ਹੋਇਆ ਹੈ। ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬਰਾੜ ਨੂੰ ਖ਼ੁਦ ਕਾਬੂ ਕਰਨ ਦਾ ਜੋਖ਼ਮ ਨਾ ਉਠਾਉਣ।


ਜ਼ਿਕਰਯੋਗ ਹੈ ਕਿ ਕੈਨੇਡਾ ਤੋਂ ਪਹਿਲਾਂ ਸਤੰਬਰ 2026 ਵਿੱਚ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਨੇ ਵੀ ਬਰਾੜ ਨੂੰ ਆਪਣੇ 10 ਸਭ ਤੋਂ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕਰਦਿਆਂ 10 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਸੀ। ਅਮਰੀਕਾ ਵਿੱਚ ਉਸ ’ਤੇ ਨਸ਼ਾ ਤਸਕਰੀ, ਜਬਰੀ ਵਸੂਲੀ ਅਤੇ ਰੈਕਟੀਅਰਿੰਗ ਵਰਗੇ ਗੰਭੀਰ ਦੋਸ਼ ਹਨ। ਭਾਰਤ ਵਿੱਚ ਵੀ ਉਹ ਕਈ ਹਾਈ-ਪ੍ਰੋਫਾਈਲ ਕਤਲ ਮਾਮਲਿਆਂ ਵਿੱਚ ਲੋੜੀਂਦਾ ਹੈ, ਜਦਕਿ ਕੈਨੇਡਾ ਸਰਕਾਰ ਸਾਲ 2025 ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਪਹਿਲਾਂ ਹੀ ਅਤਿਵਾਦੀ ਸੰਗਠਨ ਐਲਾਨ ਚੁੱਕੀ ਹੈ।


ਕੈਨੇਡਾ ਦੀ ਇਸ ਟਾਪ-25 ਸੂਚੀ ਵਿੱਚ ਕਈ ਹੋਰ ਲੋੜੀਂਦੇ ਮੁਲਜ਼ਮਾਂ ਦੇ ਨਾਂ ਵੀ ਦਰਜ ਹਨ:

ਮਨਪ੍ਰੀਤ ਸਿੰਘ (8ਵਾਂ ਸਥਾਨ): ਬਰੈਂਪਟਨ ਵਿੱਚ 2025 ਦੌਰਾਨ ਵਾਪਰੀ ਗੋਲ਼ੀਬਾਰੀ ਅਤੇ ਕਤਲ ਦੀ ਘਟਨਾ ਵਿੱਚ ਲੋੜੀਂਦਾ ਹੈ।

ਪੌਲ ਬੋਨਿਕ (11ਵਾਂ ਸਥਾਨ): ਵਿਨੀਪੈੱਗ ਵਿੱਚ 2025 ਦੌਰਾਨ ਹੋਏ ਰਾਲਫ਼ ਮੋਇਜ਼ ਕਤਲ ਕੇਸ ਵਿੱਚ ਫ਼ਰਾਰ ਹੈ।

ਯੂਸਫ਼ ਅਬਦੁਲਕਾਦਿਰ ਅਲੀ (22ਵਾਂ ਸਥਾਨ): 2021 ਦੇ ਗੋਲ਼ੀਬਾਰੀ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਹੈ।

ਗੁਰਕੀਰਤ ਸਿੰਘ (23ਵਾਂ ਸਥਾਨ): ਬ੍ਰਿਟਿਸ਼ ਕੋਲੰਬੀਆ ਵਿੱਚ ਨਾਬਾਲਗ ਨਾਲ ਜਿਨਸੀ ਛੇੜਛਾੜ ਦੇ ਮਾਮਲੇ ਵਿੱਚ ਮੁਲਜ਼ਮ ਹੈ।


ਲੈਂਗਲੋਆ ਨੇ ਭਰੋਸਾ ਜਤਾਇਆ ਹੈ ਕਿ ਜਨਤਕ ਸਹਿਯੋਗ ਅਤੇ ਤਕਨੀਕੀ ਪਹੁੰਚ ਸਦਕਾ ਇਨ੍ਹਾਂ ਭਗੌੜਿਆਂ ਲਈ ਲੁਕਣ ਦੀਆਂ ਥਾਵਾਂ ਸੁੰਗੜਦੀਆਂ ਜਾ ਰਹੀਆਂ ਹਨ। ਪੁਲੀਸ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਸੂਹ ਮਿਲਣ ’ਤੇ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.