IMG-LOGO
ਹੋਮ ਪੰਜਾਬ: PSEB ਦਾ ਨਵਾਂ ਫੁਰਮਾਨ: 10ਵੀਂ ਦੇ ਵਿਦਿਆਰਥੀਆਂ ਲਈ ਡਿਜੀਟਲ ਜਨਮ...

PSEB ਦਾ ਨਵਾਂ ਫੁਰਮਾਨ: 10ਵੀਂ ਦੇ ਵਿਦਿਆਰਥੀਆਂ ਲਈ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ, ਸਕੂਲਾਂ ਨੇ ਖੋਲ੍ਹਿਆ ਮੋਰਚਾ

Admin User - Nov 23, 2026 12:09 PM
IMG

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਸੈਸ਼ਨ 2026-27 ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਜਾਰੀ ਕੀਤੇ ਗਏ ਤਾਜ਼ਾ ਹੁਕਮਾਂ ਨੇ ਸਿੱਖਿਆ ਜਗਤ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਬੋਰਡ ਨੇ ਹੁਣ ਮੈਟ੍ਰਿਕ ਦੀ ਪ੍ਰੀਖਿਆ ਅਤੇ ਦਾਖ਼ਲਾ ਪ੍ਰਕਿਰਿਆ ਲਈ ਰਜਿਸਟਰਾਰ ਜਨਮ ਤੇ ਮੌਤ ਵੱਲੋਂ ਜਾਰੀ 'ਡਿਜੀਟਲ ਜਨਮ ਸਰਟੀਫਿਕੇਟ' ਪੇਸ਼ ਕਰਨਾ ਲਾਜ਼ਮੀ ਕਰਾਰ ਦਿੱਤਾ ਹੈ। ਇਸ ਫੈਸਲੇ ਨੇ ਜਿੱਥੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ, ਉੱਥੇ ਹੀ ਪ੍ਰਾਈਵੇਟ ਸਕੂਲ ਪ੍ਰਬੰਧਕ ਵੀ ਇਸ ਦੇ ਵਿਰੋਧ ਵਿੱਚ ਉੱਤਰ ਆਏ ਹਨ।


ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਸਮੂਹ ਸਕੂਲਾਂ ਨੂੰ 30 ਨਵੰਬਰ ਤੱਕ ਸਬੰਧਤ ਵਿਦਿਆਰਥੀਆਂ ਦੇ ਡਿਜੀਟਲ ਜਨਮ ਸਰਟੀਫਿਕੇਟ ਬੋਰਡ ਦੇ ਆਨਲਾਈਨ ਪੋਰਟਲ 'ਤੇ ਅਪਲੋਡ ਕਰਨ ਦੀ ਹਦਾਇਤ ਕੀਤੀ ਗਈ ਹੈ। ਬੋਰਡ ਨੇ ਸਖ਼ਤ ਰੁਖ਼ ਅਪਣਾਉਂਦਿਆਂ ਸਾਫ਼ ਕਰ ਦਿੱਤਾ ਹੈ ਕਿ ਜੇਕਰ ਨਿਰਧਾਰਤ ਮਿਤੀ ਤੱਕ ਇਹ ਦਸਤਾਵੇਜ਼ ਅਪਲੋਡ ਨਾ ਹੋਏ, ਤਾਂ ਵਿਦਿਆਰਥੀਆਂ ਦੀ 10ਵੀਂ ਜਮਾਤ ਦੀ ਅੰਤਿਮ ਮਾਰਕਸ਼ੀਟ ਅਤੇ ਸਰਟੀਫਿਕੇਟ ਉੱਪਰ ਜਨਮ ਮਿਤੀ (DOB) ਦਰਜ ਨਹੀਂ ਕੀਤੀ ਜਾਵੇਗੀ।


ਇਸ ਨਵੇਂ ਨਿਯਮ ਦਾ ਘੇਰਾ ਸਿਰਫ਼ ਪੰਜਾਬ ਵਿੱਚ ਜਨਮੇ ਵਿਦਿਆਰਥੀਆਂ ਤੱਕ ਹੀ ਸੀਮਤ ਰੱਖਿਆ ਗਿਆ ਹੈ, ਜਦਕਿ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਇਸ ਸ਼ਰਤ ਤੋਂ ਬਾਹਰ ਰੱਖਿਆ ਗਿਆ ਹੈ। ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਪ੍ਰਬੰਧਕ ਕਮੇਟੀਆਂ ਨੇ ਇਸ ਦੋਹਰੇ ਮਾਪਦੰਡ 'ਤੇ ਤਿੱਖਾ ਇਤਰਾਜ਼ ਜਤਾਇਆ ਹੈ। ਸਕੂਲ ਜਥੇਬੰਦੀਆਂ ਦਾ ਸਵਾਲ ਹੈ ਕਿ ਜੇਕਰ ਡਿਜੀਟਲ ਸਰਟੀਫਿਕੇਟ ਇੰਨਾ ਹੀ ਜ਼ਰੂਰੀ ਹੈ, ਤਾਂ ਦੂਜੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਇਸ ਤੋਂ ਛੋਟ ਕਿਉਂ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਸਰਟੀਫਿਕੇਟਾਂ 'ਤੇ ਜਨਮ ਮਿਤੀ ਕਿਸ ਆਧਾਰ 'ਤੇ ਛਾਪੀ ਜਾਵੇਗੀ?


ਸਕੂਲ ਪ੍ਰਬੰਧਕਾਂ ਦਾ ਤਰਕ ਹੈ ਕਿ ਬੋਰਡ ਕੋਲ 5ਵੀਂ ਅਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰਾਹੀਂ ਇਨ੍ਹਾਂ ਵਿਦਿਆਰਥੀਆਂ ਦੀ ਜਨਮ ਮਿਤੀ ਦਾ ਪੂਰਾ ਰਿਕਾਰਡ ਪਹਿਲਾਂ ਹੀ ਮੌਜੂਦ ਹੈ ਅਤੇ ਪਿਛਲੀਆਂ ਮਾਰਕਸ਼ੀਟਾਂ 'ਤੇ ਬੋਰਡ ਖੁਦ ਜਨਮ ਮਿਤੀ ਜਾਰੀ ਕਰ ਚੁੱਕਾ ਹੈ। ਇਸ ਤੋਂ ਇਲਾਵਾ 10ਵੀਂ ਦੇ ਰਜਿਸਟ੍ਰੇਸ਼ਨ ਫਾਰਮਾਂ ਨਾਲ ਵੀ ਜਨਮ ਸਰਟੀਫਿਕੇਟ ਲਗਾਏ ਜਾ ਚੁੱਕੇ ਹਨ। ਅਜਿਹੇ ਵਿੱਚ ਹੁਣ ਅਚਾਨਕ ਸਿਰਫ਼ ਡਿਜੀਟਲ ਸਰਟੀਫਿਕੇਟ ਦੀ ਮੰਗ ਕਰਨਾ ਮਾਪਿਆਂ ਅਤੇ ਸਕੂਲਾਂ ਲਈ ਬੇਲੋੜੀ ਖੱਜਲ-ਖੁਆਰੀ ਦਾ ਸਬੱਬ ਬਣ ਰਿਹਾ ਹੈ।


ਸਕੂਲ ਐਸੋਸੀਏਸ਼ਨਾਂ ਨੇ ਸਿੱਖਿਆ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਅਤੇ ਮਾਪਿਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਸ ਤੁਗਲਕੀ ਫਰਮਾਨ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ ਅਤੇ ਪੁਰਾਣੇ ਬੋਰਡ ਰਿਕਾਰਡ ਦੇ ਆਧਾਰ 'ਤੇ ਹੀ ਜਨਮ ਮਿਤੀ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.