ਤਾਜਾ ਖਬਰਾਂ
ਹੁਸ਼ਿਆਰਪੁਰ / ਨਸਰਾਲਾ: ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਨਸਰਾਲਾ ਨੇੜੇ ਸਥਿਤ ਮਸ਼ਹੂਰ ਟਰੈਕਟਰ ਨਿਰਮਾਤਾ ਕੰਪਨੀ 'ਸੋਨਾਲੀਕਾ' (ਇੰਟਰਨੈਸ਼ਨਲ ਟਰੈਕਟਰ ਲਿਮਟਿਡ) ਦੇ ਪਲਾਂਟ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਉੱਥੇ ਇੱਕ ਜੰਗਲੀ ਤੇਂਦੁਆ ਦੇਖਿਆ ਗਿਆ। ਮੁਲਾਜ਼ਮਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਫੈਕਟਰੀ ਪ੍ਰਬੰਧਕਾਂ ਨੇ ਪਲਾਂਟ ਦਾ ਕੰਮਕਾਜ ਅਗਲੇ 24 ਘੰਟਿਆਂ ਲਈ ਮੁਕੰਮਲ ਤੌਰ 'ਤੇ ਠੱਪ ਰੱਖਣ ਦਾ ਫੈਸਲਾ ਕੀਤਾ ਹੈ।
ਘਟਨਾ ਬੀਤੀ ਮੰਗਲਵਾਰ ਦੀ ਅੱਧੀ ਰਾਤ ਦੀ ਦੱਸੀ ਜਾ ਰਹੀ ਹੈ। ਫੈਕਟਰੀ ਦੇ ਕੰਟਰੋਲ ਰੂਮ ਵਿੱਚ ਲੱਗੇ ਸੁਰੱਖਿਆ ਕੈਮਰਿਆਂ ਦੀ ਜਾਂਚ ਦੌਰਾਨ ਇੱਕ ਤੇਂਦੁਆ ਪਲਾਂਟ ਦੇ ਅਹਾਤੇ ਵਿੱਚ ਬੇਖੌਫ਼ ਘੁੰਮਦਾ ਨਜ਼ਰ ਆਇਆ। ਕੁਝ ਸਮਾਂ ਕੈਮਰੇ ਦੀ ਰੇਂਜ ਵਿੱਚ ਰਹਿਣ ਮਗਰੋਂ ਇਹ ਜੰਗਲੀ ਜਾਨਵਰ ਫੈਕਟਰੀ ਦੇ ਕਿਸੇ ਹਨੇਰੇ ਹਿੱਸੇ ਵਿੱਚ ਓਝਲ ਹੋ ਗਿਆ। ਤੇਂਦੂਏ ਦੀ ਮੌਜੂਦਗੀ ਦੀ ਪੁਸ਼ਟੀ ਹੁੰਦਿਆਂ ਹੀ ਪ੍ਰਬੰਧਕਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਜੰਗਲਾਤ ਅਤੇ ਪਸ਼ੂ ਪਾਲਣ ਵਿਭਾਗ ਨੂੰ ਇਸ ਦੀ ਇਤਲਾਹ ਦਿੱਤੀ।
ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪ੍ਰਸ਼ਾਸਨ ਅਤੇ ਜੰਗਲਾਤ ਟੀਮਾਂ ਦੀ ਨਿਗਰਾਨੀ ਹੇਠ ਰਾਤ ਸਮੇਂ ਡਿਊਟੀ 'ਤੇ ਤਾਇਨਾਤ ਸਾਰੇ ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੈਨੇਜਮੈਂਟ ਨੇ ਸਖ਼ਤੀ ਵਰਤਦਿਆਂ ਫੈਕਟਰੀ ਦੇ ਗੇਟ ਸੀਲ ਕਰ ਦਿੱਤੇ ਹਨ ਅਤੇ ਬਾਹਰੀ ਵਿਅਕਤੀਆਂ ਦੇ ਦਾਖਲੇ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਸਵੇਰ ਦੀ ਸ਼ਿਫਟ ਰੱਦ ਕਰਕੇ ਸਮੂਹ ਸਟਾਫ਼ ਨੂੰ ਇੱਕ ਦਿਨ ਦੀ ਛੁੱਟੀ ਐਲਾਨ ਦਿੱਤੀ ਗਈ ਹੈ।
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਸ਼ੁਰੂਆਤੀ ਫੁਟੇਜ ਤੋਂ ਬਾਅਦ ਤੇਂਦੂਏ ਦੀ ਕੋਈ ਨਵੀਂ ਹਰਕਤ ਕੈਮਰੇ ਵਿੱਚ ਕੈਦ ਨਹੀਂ ਹੋਈ ਹੈ, ਜਿਸ ਕਾਰਨ ਸਵੇਰ ਵੇਲੇ ਤਲਾਸ਼ੀ ਮੁਹਿੰਮ ਨੂੰ ਕੁਝ ਦੇਰ ਲਈ ਰੋਕਣਾ ਪਿਆ ਸੀ। ਹਾਲਾਂਕਿ, ਵਿਭਾਗ ਦੀਆਂ ਟੀਮਾਂ ਵੱਲੋਂ ਪਲਾਂਟ ਦੇ ਕੋਨੇ-ਕੋਨੇ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਹ ਤੇਂਦੁਆ ਕਿਸੇ ਸ਼ਿਕਾਰ ਦਾ ਪਿੱਛਾ ਕਰਦਾ ਹੋਇਆ ਭਟਕ ਕੇ ਉਦਯੋਗਿਕ ਖੇਤਰ ਵਿੱਚ ਆ ਵੜਿਆ ਹੈ। ਦੂਜੇ ਪਾਸੇ, ਫੈਕਟਰੀ ਬੰਦ ਹੋਣ ਅਤੇ ਤੇਂਦੂਏ ਦੇ ਅਜੇ ਤੱਕ ਕਾਬੂ ਨਾ ਆਉਣ ਕਾਰਨ ਆਸ-ਪਾਸ ਦੀਆਂ ਰਿਹਾਇਸ਼ੀ ਕਲੋਨੀਆਂ ਅਤੇ ਨਸਰਾਲਾ ਦੇ ਵਸਨੀਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
Get all latest content delivered to your email a few times a month.