ਤਾਜਾ ਖਬਰਾਂ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪੇਸ਼ ਕੀਤੇ ਜਾਣ ਵਾਲੇ ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲਾਂ ਨੂੰ ਲੈ ਕੇ ਪਾਰਟੀ ਦਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਬਣਦਾ ਹੱਕ ਦੇਣ ਅਤੇ ਰਾਖਵਾਂਕਰਨ ਲਾਗੂ ਕਰਨ ਦੀ ਹਮੇਸ਼ਾ ਹਮਾਇਤੀ ਰਹੀ ਹੈ, ਪਰ ਹੱਦਬੰਦੀ ਦੀ ਪ੍ਰਕਿਰਿਆ ਰਾਹੀਂ ਭਾਜਪਾ ਨੂੰ ਸਿਆਸੀ ਫਾਇਦਾ ਪਹੁੰਚਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਪਹਿਲਾਂ ਵੋਟਾਂ ਦੀ ਚੋਰੀ ਕਰਦੀ ਰਹੀ ਹੈ ਅਤੇ ਹੁਣ ਹਲਕਿਆਂ ਦੀ ਹੱਦਬੰਦੀ ਦੇ ਨਾਂ 'ਤੇ ਸੀਟਾਂ ਦੀ ਗਿਣਤੀ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਹਿੱਤ ਵਿੱਚ ਹੋਣ ਵਾਲੇ ਹਰ ਫੈਸਲੇ ਦਾ ਸਮਰਥਨ ਕਰਦੀ ਹੈ। ਹਰ ਵੋਟਰ ਨੂੰ ਬਰਾਬਰ ਅਧਿਕਾਰ ਅਤੇ ਉਸ ਦੀ ਵੋਟ ਨੂੰ ਬਰਾਬਰ ਮਹੱਤਤਾ ਮਿਲਣੀ ਚਾਹੀਦੀ ਹੈ। ਪਰ ਜੇਕਰ ਹੱਦਬੰਦੀ ਦੀ ਪ੍ਰਕਿਰਿਆ ਨੂੰ ਵਿਰੋਧੀ ਧਿਰ ਦੇ ਪ੍ਰਭਾਵ ਵਾਲੇ ਇਲਾਕਿਆਂ ਦੀਆਂ ਸੀਟਾਂ ਘਟਾਉਣ ਅਤੇ ਭਾਜਪਾ ਦੇ ਹੱਕ ਵਾਲੇ ਖੇਤਰਾਂ ਵਿੱਚ ਸਿਆਸੀ ਲਾਹਾ ਲੈਣ ਲਈ ਵਰਤਿਆ ਗਿਆ ਤਾਂ ਪਾਰਟੀ ਇਸ ਦਾ ਪੂਰੀ ਤਾਕਤ ਨਾਲ ਵਿਰੋਧ ਕਰੇਗੀ।
ਉਨ੍ਹਾਂ ਅਸਮ ਅਤੇ ਜੰਮੂ-ਕਸ਼ਮੀਰ ਵਿੱਚ ਹੋਈ ਹੱਦਬੰਦੀ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਇਨ੍ਹਾਂ ਸੂਬਿਆਂ ਵਿੱਚ ਹਲਕਿਆਂ ਦੀ ਵੰਡ ਦੌਰਾਨ ਵੋਟਰਾਂ ਦੀ ਗਿਣਤੀ ਵਿੱਚ ਕਾਫ਼ੀ ਅਸਮਾਨਤਾ ਦੇਖਣ ਨੂੰ ਮਿਲੀ। ਅਮਨ ਅਰੋੜਾ ਮੁਤਾਬਕ ਅਸਮ ਦੀਆਂ 14 ਲੋਕ ਸਭਾ ਸੀਟਾਂ ਵਿੱਚ ਵੋਟਰਾਂ ਦੀ ਔਸਤ ਗਿਣਤੀ ਲਗਭਗ 17.5 ਲੱਖ ਹੋਣੀ ਚਾਹੀਦੀ ਸੀ, ਪਰ ਢੁਬਰੀ ਹਲਕੇ ਵਿੱਚ 26.60 ਲੱਖ ਵੋਟਰ ਰੱਖੇ ਗਏ, ਜਦਕਿ ਡੀਫੂ ਹਲਕੇ ਵਿੱਚ ਇਹ ਗਿਣਤੀ ਸਿਰਫ਼ 9 ਲੱਖ ਰਹੀ। ਇਸੇ ਤਰ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਵੀ ਵੋਟਰਾਂ ਦੀ ਗਿਣਤੀ ਵਿੱਚ ਵੱਡਾ ਅੰਤਰ ਰੱਖਿਆ ਗਿਆ।
ਜੰਮੂ-ਕਸ਼ਮੀਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ 90 ਵਿਧਾਨ ਸਭਾ ਹਲਕਿਆਂ ਵਿੱਚ ਪ੍ਰਤੀ ਹਲਕਾ ਔਸਤਨ 97 ਹਜ਼ਾਰ ਵੋਟਰ ਬਣਦੇ ਸਨ, ਪਰ ਆਰ.ਐੱਸ. ਪੁਰਾ-ਜੰਮੂ ਸਾਊਥ ਵਿੱਚ ਇਹ ਗਿਣਤੀ 1.29 ਲੱਖ ਤੱਕ ਪਹੁੰਚ ਗਈ, ਜਦਕਿ ਗੁਰੇਜ਼ ਹਲਕੇ ਵਿੱਚ ਸਿਰਫ਼ 22 ਹਜ਼ਾਰ ਵੋਟਰ ਰੱਖੇ ਗਏ। ਉਨ੍ਹਾਂ ਅਨੁਸਾਰ ਵੋਟਰਾਂ ਦੀ ਗਿਣਤੀ ਵਿੱਚ ਇੰਨਾ ਵੱਡਾ ਫਰਕ ਹੱਦਬੰਦੀ ਦੀ ਨਿਰਪੱਖਤਾ 'ਤੇ ਸਵਾਲ ਖੜ੍ਹੇ ਕਰਦਾ ਹੈ।
ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਭਾਜਪਾ ਆਪਣੇ ਸਿਆਸੀ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਛੋਟੇ ਹਲਕੇ ਬਣਾਉਣ ਅਤੇ ਵਿਰੋਧੀ ਧਿਰ ਦੀ ਮਜ਼ਬੂਤ ਪਕੜ ਵਾਲੇ ਖੇਤਰਾਂ ਵਿੱਚ ਵੱਡੇ ਹਲਕੇ ਬਣਾਉਣ ਦੀ ਰਣਨੀਤੀ ਅਪਣਾ ਰਹੀ ਹੈ, ਤਾਂ ਜੋ ਚੋਣਾਂ ਵਿੱਚ ਉਸ ਨੂੰ ਵਧੇਰੇ ਫਾਇਦਾ ਮਿਲ ਸਕੇ।
ਅੰਤ ਵਿੱਚ ਉਨ੍ਹਾਂ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ 'ਤੇ ਇਕਜੁੱਟ ਹੋ ਕੇ ਆਵਾਜ਼ ਉਠਾਉਣ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਵੱਲੋਂ ਸੰਵਿਧਾਨ ਵਿੱਚ ਦਿੱਤੇ ਗਏ 'ਇੱਕ ਵੋਟ, ਇੱਕ ਕੀਮਤ' ਦੇ ਸਿਧਾਂਤ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ ਅਤੇ ਆਮ ਆਦਮੀ ਪਾਰਟੀ ਇਸ ਅਧਿਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਹੋਣ ਦੇਵੇਗੀ।
Get all latest content delivered to your email a few times a month.