2020-06-17 15:24:14 ( ਖ਼ਬਰ ਵਾਲੇ ਬਿਊਰੋ )
ਵਿਵਾਦਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਮੀਡੀਆ ਨੂੰ ਧਮਕੀਆਂ ਦੇਣ ਅਤੇ ਉਹਨਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤਣ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਨੇ ਅੱਜ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਪਟਿਆਲਾ ਇਲੈਕਟਰੌਨਿਕ ਮੀਡੀਆ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਪ੍ਰਧਾਨ ਮਨੋਜ ਸ਼ਰਮਾ ਦੀ ਅਗਵਾਈ ਵਿੱਚ ਮਾਨਸਾ ਦੇ ਪਿੰਡ ਮੂਸੇਵਾਲਾ ਦੇ ਰਹਿਣ ਵਾਲੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਮੂਸੇਵਾਲਾ ਦੀ ਭਾਰੀ ਨਿੰਦਾ ਕੀਤੀ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਫੇਸਬੁੱਕ ਪੇਜ਼ ਉਤੇ ਲਾਈਵ ਹੋ ਕੇ ਪੰਜਾਬ ਦੇ ਸਮੂਹ ਪੱਤਰਕਾਰਾਂ ਲਈ ਗਾਲ੍ਹਾਂ ਵਰਗੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਸੀ ਜੋ ਕਿ ਅੱਜ ਵੀ ਉਸ ਦੇ ਫੇਸਬੁਕ ਪੇਜ਼ ਉਤੇ ਵੇਖਿਆ ਜਾ ਸਕਦਾ ਹੈ। ਮੀਡੀਆ ਐਸੋਸੀਏਸ਼ਨ ਦਾ ਇਹ ਵਫ਼ਦ ਪੁਲਿਸ ਮੁਖੀ ਨੂੰ ਅੱਜ ਉਨ੍ਹਾਂ ਦੇ ਦਫ਼ਤਰ 'ਚ ਮਿਲਿਆ। ਦੱਸਣਯੋਗ ਹੈ ਕਿ ਇਹ ਗਾਇਕ ਹਿੰਸਕ ਪ੍ਰਵਿਰਤੀ ਵਾਲਾ ਗਾਇਕ ਹੈ ਅਤੇ ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਵਿੱਚ ਇਸ ਖਿਲਾਫ ਅਸਲਾ ਐਕਟ ਦੇ ਅਧੀਨ ਵੀ ਮਾਮਲੇ ਦਰਜ ਹਨ। ਇਸ ਮੌਕੇ ਪਟਿਆਲਾ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਸ਼ਰਮਾ ਨੇ ਕਿਹਾ ਕਿ ਘਮੰਡੀ ਮੁੱਸੇਵਾਲਾ ਪੰਜਾਬ ਪੁਲਿਸ ਵਿਰੁੱਧ ਵੀ ਗਲਤ ਢੰਗ ਨਾਲ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਉਸਨੂੰ ਲੱਭ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੌਰਾਨ ਅੱਜ ਭਾਰੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਹਾਜ਼ਿਰ ਸੀ।