9 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਵਾਰਡ ਨੰਬਰ 12 ਦੇ ਪ੍ਰੀਤ ਨਗਰ ਦੀ 4 ਨੰਬਰ ਗਲੀ
2020-11-29 19:28:39 ( ਖ਼ਬਰ ਵਾਲੇ ਬਿਊਰੋ )
ਹੁਸ਼ਿਆਰਪੁਰ, 29 ਨਵੰਬਰ: ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰ: 12 ਦੀ 4 ਨੰਬਰ ਗਲੀ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਖੇਤਰਾਂ ‘ਚ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਜਿਸ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜੰਗੀ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਸਾਰੇ ਵਾਰਡਾਂ ਨੂੰ ਇੱਕ ਨਵੀਂ ਦਿਖ ਮਿਲੇਗੀ।
ਉਦਯੋਗ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਸ਼ਹਿਰੀ ਖੇਤਰਾਂ ਦਾ ਯੋਜਨਾਬੱਧ ਵਿਕਾਸ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਇਸ ਪ੍ਰੋਗਰਾਮ ਤਹਿਤ ਸ਼ਹਿਰ ਵਾਸੀਆਂ ਦੀ ਸਹੂਲਤ ਅਨੁਸਾਰ ਮੁਢਲੀਆਂ ਸਹੂਲਤਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਗਲੀਆਂ, ਸੀਵਰੇਜ, ਪੀਣ ਵਾਲੇ ਪਾਣੀ ਦੀ ਲੋੜੀਂਦੀ ਸਪਲਾਈ, ਸਟਰੀਟ ਲਾਈਟਾਂ ਆਦਿ ਦੇ ਕੰਮ ਤੇਜੀ ਨਾਲ ਚਲ ਰਹੇ ਹਨ ਅਤੇ ਵਾਰਡ ਨੰ: 12 ਦੀ 4 ਨੰਬਰ ਗਲੀ ਨੂੰ 9 ਲੱਖ ਰੁਪਏ ਦੀ ਲਾਗਤ ਨਾਲ ਲੁੱਕ ਵਾਲੀ ਗਲੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਉਦਯੋਗ ਮੰਤਰੀ ਨੇ ਮਹਾਵੀਰ ਸਪਿਨਿੰਗ ਮਿੱਲ ਵਲੋਂ ਕਾਰਪੋਰੇਟ ਸਮਾਜਿਕ ਜਿੰਮੇਵਾਰ (ਸੀ. ਐਸ. ਆਰ) ਫੰਡ ਤਹਿਤ ਸਥਾਨਕ ਇਨਡੋਰ ਸਟੇਡੀਅਮ ਵਿੱਚ ਸਥਾਪਿਤ ਕੀਤਾ ਓਪਨ ਸਟੇਡੀਅਮ ਵੀ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਬੁਨਿਆਦੀ ਢਾਂਚੇ ਦੀ ਮਜਬੂਤੀ ਦੇ ਨਾਲ-ਨਾਲ ਪੰਜਾਬ ਸਰਕਾਰ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਓਪਨ ਜਿਮ ਵੀ ਸਥਾਪਿਤ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਡਾਂ ਨੂੰ ਹੁਲਾਰਾ ਦੇਣ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਖੇਡ ਮੈਦਾਨਾਂ/ਗਰਾਊਂਡਾਂ ਦੇ ਨਿਰਮਾਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜੋ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਮੀਲ ਪੱਥਰ ਸਾਬਤ ਹੋਵੇਗੀ।