2020-12-01 18:48:37 ( ਖ਼ਬਰ ਵਾਲੇ ਬਿਊਰੋ )
ਦਿੱਲੀ,1 ਦਸੰਬਰ : ਕੇਂਦਰ ਸਰਕਾਰ ਦੇ ਵੱਲੋਂ ਅੱਜ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ।ਇਹ ਮੀਟਿੰਗ ਤਿੰਨ ਵਜੇ ਸ਼ੁਰੂ ਹੋਈ।ਮੀਟਿੰਗ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਕਿਸਾਨ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਪਰ ਕਿਸਾਨਾਂ ਦੇ ਵੱਲੋਂ ਇਸ ਮੀਟਿੰਗ ਦੇ ਸੱਦੇ ਨੂੰ ਕਬੂਲਿਆ ਗਿਆ।ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਪਰ ਉਸ ਦਾ ਕੋਈ ਹੱਲ ਨਹੀਂ ਨਿਕਲਿਆ ਜਿਸ ਦੇ ਚੱਲਦਿਆਂ ਹੁਣ ਇਸ ਮੀਟਿੰਗ ਨੂੰ ਲੈ ਕੇ ਲਗਾਤਾਰ ਸਵਾਲ ਖਡ਼੍ਹੇ ਹੋ ਰਹੇ ਸਨ ਕੀ ਇਸ ਮੁਲਾਕਾਤ ਦਾ ਕੀ ਨਤੀਜਾ ਨਿਕਲੇਗਾ? ਕੀ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ ਮੰਨੇਗੀ? ਕੀ ਇਸ ਗੱਲਬਾਤ ਦੇ ਨਾਲ ਕੋਈ ਹੱਲ ਨਿਕਲੇਗਾ ਜਾਂ ਨਹੀਂ?ਦੱਸਣਯੋਗ ਹੈ ਕਿ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਖ਼ਤਮ ਹੋ ਚੁੱਕੀ ਹੈ।ਹਰ ਵਾਰ ਦੀ ਤਰ੍ਹਾਂ ਇਸ ਵਾਰ ਕਿਸਾਨਾਂ ਦੇ ਕੇਂਦਰ ਦੇ ਨਾਲ ਗੱਲਬਾਤ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ।ਜ਼ਿਕਰਯੋਗ ਹੈ ਕਿ ਇਹ ਮੀਟਿੰਗ ਤਿੰਨ ਘੰਟੇ ਚੱਲੀ।ਜਿਸ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਪੰਜ ਮੈਂਬਰੀ ਕਮੇਟੀ ਗਠਿਤ ਕਰਨ ਦਾ ਪ੍ਰਸਤਾਵ ਦਿੱਤਾ ਸੀ ਪਰ ਕਿਸਾਨਾਂ ਦੇ ਵੱਲੋਂ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ।ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਕੋਲ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਸੀ।ਉਧਰ ਕਿਸਾਨ ਆਪਣੇ ਫ਼ੈਸਲੇ ਤੇ ਅੜੇ ਹੋਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ 3 ਦਸੰਬਰ ਨੂੰ ਹੋਵੇਗੀ ਹੁਣ ਕਿਸਾਨਾਂ ਨਾਲ ਅਗਲੀ ਮੀਟਿੰਗ ।