2020-12-03 14:14:39 ( ਖ਼ਬਰ ਵਾਲੇ ਬਿਊਰੋ )
ਐੱਸ.ਏ.ਐੱਸ.ਨਗਰ 3 ਦਸੰਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆ ਲਈ ਤਿਆਰ ਕਰਵਾਉਣ ਤਹਿਤ ਚਲਾਈ ਜਾ ਰਹੀ ਮੁਹਿੰਮ ਸਬੰਧੀ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਕੌਮੀ ਯੋਗਤਾ ਖੋਜ ਪ੍ਰੀਖਿਆ ਸਟੇਜ-1 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ 7 ਅਤੇ 8 ਦਸੰਬਰ ਨੂੰ ਅਭਿਆਸ ਟੈਸਟ ਲੈਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 13 ਦਸੰਬਰ 2020 ਨੂੰ ਦਸਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਕੌਮੀ ਯੋਗਤਾ ਖੋਜ ਪ੍ਰੀਖਿਆ ਸਟੇਜ-1 ਕਰਵਾਈ ਜਾ ਰਹੀ ਹੈ। ਇਸ ਸਬੰਧੀ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਪੰਜਾਬ ਜਗਤਾਰ ਸਿੰਘ ਕੁਲੜੀਆ ਨੇ ਦੱਸਿਆ ਕਿ 7 ਦਸੰਬਰ ਨੂੰ ਮਾਨਸਿਕ ਯੋਗਤਾ ਦਾ 100 ਅੰਕਾਂ ਦਾ ਅਭਿਆਸ ਟੈਸਟ ਸਵੇਰੇ 10 ਤੋਂ 12 ਵਜੇ ਤੱਕ ਹੋਵੇਗਾ ਅਤੇ ਅਤੇ 8 ਦਸੰਬਰ ਨੂੰ ਵਿਸ਼ਿਆਂ ਦੀ ਯੋਗਤਾ ਦਾ 100 ਅੰਕਾਂ ਦਾ ਅਭਿਆਸ ਟੈਸਟ ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ।ਇਸ ਅਭਿਆਸ ਟੈਸਟ ਦੇ ਪ੍ਰਸ਼ਨ ਪੱਤਰ ਅਤੇ ਓ.ਐਮ.ਆਰ. ਸ਼ੀਟ ਦੀ ਕਾਪੀ ਵਿਭਾਗ ਦੀ ਵੈੱਬਸਾਈਟ ਤੇ ਸਬੰਧਿਤ ਦਿਨ ਨੂੰ ਟੈਸਟ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਉਪਲਬਧ ਕਰਵਾ ਦਿੱਤੀ ਜਾਵੇਗੀ।