2020-12-03 17:36:03 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ : ਚੰਡੀਗੜ੍ਹ ਚ ਮੀਡੀਆ ਕਰਮੀਆਂ ਦੇ ਵੱਲੋਂ ਸੈਕਟਰ 3 ਚ ਪੰਜਾਬ ਭਵਨ ਦੇ ਬਾਹਰ ਸੀਨੀਅਰ ਪੱਤਰਕਾਰ ਸਤਿੰਦਰ ਚੌਹਾਨ ਤੇ ਹਮਲਾ ਕਰਨ ਦੇ ਵਿਰੋਧ ਚ ਧਰਨਾ ਦਿੱਤਾ ਗਿਆ।
ਆਜ ਤੱਕ ਦੇ ਪੱਤਰਕਾਰ ਸਤਿੰਦਰ ਚੌਹਾਨ ਬੁੱਧਵਾਰ ਨੂੰ ਉਸ ਸਮੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਜਦੋਂ ਉਹ ਹੋਰ ਮੀਡੀਆ ਮੈਂਬਰਾਂ ਦੇ ਨਾਲ ਪੰਜਾਬ ਯੂਥ ਕਾਂਗਰਸ ਦੇ ਵਿਧਾਇਕ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਚ ਅੰਦੋਲਨ ਨੂੰ ਕਵਰ ਕਰ ਰਹੇ ਸਨ।ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਦੇ ਹੋਏ ਰਸਤੇ ਚ,ਕਾਂਗਰਸ ਦੇ ਕੁਝ ਯੂਥ ਕਾਮਿਆਂ ਨੇ ਇਲੈਕਟ੍ਰੋਨਿਕ ਮੀਡੀਆ ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਹੜੇ ਕਿ ਕਵਰੇਜ ਕਰਨ ਦੇ ਲਈ ਸੜਕ ਦੇ ਦੂਜੇ ਕੋਨੇ ਤੇ ਸਨ।
ਵੱਖ ਵੱਖ ਸੰਸਥਾਵਾਂ ਨਾਲ ਸਬੰਧਿਤ ਮੀਡੀਆ ਕਰਮੀ ਯੂਥ ਕਾਂਗਰਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।ਮੀਡੀਆ ਸਮੂਹ ਵੱਲੋਂ ਪਹਿਲਾਂ ਸੀਐਮ ਦੇ ਘਰ ਦੇ ਬਾਹਰ ਧਰਨਾ ਦੇਣ ਦੀ ਯੋਜਨਾ ਬਣਾਈ ਗਈ ਸੀ ਪਰ ਉਨ੍ਹਾਂ ਨੂੰ ਪੁਲਸ ਨੇ ਰੋਕ ਦਿੱਤਾ।ਚੰਡੀਗੜ੍ਹ ਮੀਡੀਆ ਉਨ੍ਹਾਂ ਯੂਥ ਕਾਮਿਆਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕਰ ਰਿਹਾ ਹੈ ਜਿਨ੍ਹਾਂ ਨੇ ਇਲੈਕਟ੍ਰੋਨਿਕ ਮੀਡੀਆ ਤੇ ਪੱਥਰਬਾਜ਼ੀ ਕੀਤੀ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਖ਼ਿਲਾਫ਼ ਵੀ।ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਨੀਤਕ ਜਾਂ ਸਮਾਜਿਕ ਵਿਰੋਧ ਦੌਰਾਨ ਪੱਤਰਕਾਰਾਂ ਤੇ ਹਮਲਾ ਕਰਨ ਲਈ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐਸਏਡੀ ਚੀਫ ਸੁਖਬੀਰ ਸਿੰਘ ਬਾਦਲ ਵੀ ਹਮਲੇ ਦੀ ਨਿੰਦਿਆ ਕਰ ਚੁੱਕੇ ਹਨ ਚੰਡੀਗੜ੍ਹ ਪ੍ਰੈਸ ਕਲੱਬ ਨੇ ਵੀ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।