2021-01-14 16:06:53 ( ਖ਼ਬਰ ਵਾਲੇ ਬਿਊਰੋ )
ਮਹਿਤਾ ਚੌਕ / ਅੰਮ੍ਰਿਤਸਰ , 14 ਜਨਵਰੀ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਸੰਘਰਸ਼ ਦੇ ਯੋਧੇ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਸਤਿਕਾਰਯੋਗ ਪਿਤਾ ਜਥੇਦਾਰ ਬਾਪੂ ਮਹਿੰਗਾ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪੰਥ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਪ੍ਰੋ: ਸਰਚਾਂਦ ਸਿੰਘ ਮੁਤਾਬਿਕ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਬਾਪੂ ਜੀ ਦਾ ਪੰਥਕ ਹਲਕਿਆਂ ਵਿਚ ਵੱਡਾ ਸਤਿਕਾਰ ਸੀ । ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਹੱਸ ਹੱਸ ਫਾਂਸੀ ਦੇ ਰੱਸੇ ਚੁੰਮ ਕੇ ਸ਼ਹਾਦਤ ਦਾ ਜਾਮ ਪੀਂਦਿਆਂ ਬਹੁਤ ਵੱਡੀ ਤੇ ਮਹਾਨ ਕੁਰਬਾਨੀ ਕਰਨ ਵਾਲੇ ਸੂਰਬੀਰ ਯੋਧੇ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਸੁਖਾ ਨੂੰ ਜਨਮ ਦੇਣ ਵਾਲੀ ਮਾਤਾ ਬੀਬੀ ਸੁਰਜੀਤ ਕੌਰ ਅਤੇ ਪਿਤਾ ਜਥੇਦਾਰ ਮਹਿੰਗਾ ਸਿੰਘ ਜੀ ਵੱਲੋਂ ਕੌਮ ਦੀ ਚੜ੍ਹਦੀਕਲਾ ਲਈ ਪਾਏ ਗਏ ਪੰਥਕ ਯੋਗਦਾਨ ਨੂੰ ਵੀ ਹਮੇਸ਼ਾਂ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਅਤੇ ਦੁੱਖਾਂ ਭਰਿਆਂ ਪੈਂਡਾ ਤਹਿ ਕੀਤਾ ਪਰ ਇਨ੍ਹਾਂ ਗੁਰੂ ਦੇ ਪਿਆਰਿਆਂ ਨੇ ਕਦੀ ਹਿੰਮਤ ਨਹੀਂ ਹਾਰੀ। ਉਨ੍ਹਾਂ ਸ੍ਰੀ ਅਕਾਲ ਪੁਰਖ ਅੱਗੇ ਵਿੱਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ ਕਰਨ ਦੀ ਅਰਜੋਈ ਕੀਤੀ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਦਮਦਮੀ ਟਕਸਾਲ ਪਰਵਾਰ ਨਾਲ ਖੜੀ ਹੈ।