2021-01-14 17:13:41 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ 14 ਜਨਵਰੀ
ਪੀ.ਏ.ਯੂ. ਵੱਲੋਂ ਬੀਤੇ ਦਿਨੀਂ ਅਰਿਸੂਦਾਨਾ ਇੰਡਸਟਰੀਜ਼ ਨਾਲ ਸਾਂਝੇ ਰੂਪ ਵਿੱਚ ਕਿਸਾਨਾਂ ਦਾ ਇੱਕ ਵਿਸ਼ੇਸ਼ ਸਮਾਗਮ ਪਿੰਡ ਜਸਪਾਲੋਂ ਵਿਖੇ ਕਰਾਇਆ ਗਿਆ । ਇਹ ਸਮਾਗਮ ਵਾਤਾਵਰਨ ਦੀ ਸੰਭਾਲ ਲਈ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਸਾਂਝੇ ਪ੍ਰੋਜੈਕਟ ਕਾਰਪੋਰੇਟ ਐਸੋਸੀਏਸ਼ਨ ਫਾਰ ਰੈਜੇਡਿਊ ਮੈਨੇਜਮੈਂਟ ਦਾ ਹਿੱਸਾ ਸੀ । ਇਹ ਪ੍ਰੋਜੈਕਟ ਪੀ.ਏ.ਯੂ. ਅਤੇ ਸੰਬੰਧਿਤ ਉਦਯੋਗਿਕ ਇਕਾਈ ਵਿਚਕਾਰ ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਟੀ ਤਹਿਤ ਕਿਸਾਨਾਂ ਨੂੰ ਪਰਾਲੀ ਖੇਤ ਵਿੱਚ ਸੰਭਾਲਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਕਰਵਾਇਆ ਗਿਆ । ਇਸ ਸਮਾਗਮ ਵਿੱਚ ਪਿੰਡ ਜਸਲਾਪੋਂ, ਰੂਪਾਲੋਂ ਅਤੇ ਬੇਗੋਵਾਲ ਦੇ ਉਹ ਕਿਸਾਨ ਸ਼ਾਮਿਲ ਹੋਏ ਜਿਨਾਂ ਨੇ ਆਪਣੇ ਖੇਤਾਂ ਵਿੱਚ ਪਰਾਲੀ ਸਾੜਨ ਦੇ ਰੁਝਾਨ ਨੂੰ ਖਤਮ ਕੀਤਾ ਹੋਇਆ ਹੈ । ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ । ਡਾ. ਮਾਹਲ ਨੇ ਕਿਹਾ ਕਿ ਲੁਧਿਆਣਾ ਉਦਯੋਗਾਂ ਕਰਕੇ ਭਾਰਤ ਦਾ ਵਿਲੱਖਣ ਸ਼ਹਿਰ ਹੈ । ਅਰਿਸੂਦਾਨਾ ਇੰਡਸਟਰੀਜ਼ ਨੇ ਇਲਾਕੇ ਵਿੱਚ ਪਰਾਲੀ ਦੀ ਸੰਭਾਲ ਲਈ ਪੀ.ਏ.ਯੂ. ਨਾਲ ਸਹਿਯੋਗ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ । ਡਾ. ਮਾਹਲ ਨੇ ਪੀ.ਏ.ਯੂ. ਵੱਲੋਂ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਲਈ ਵਿਕਸਿਤ ਕੀਤੀਆਂ ਤਕਨਾਲੋਜੀਆਂ ਦਾ ਜ਼ਿਕਰ ਕੀਤਾ । ਉਹਨਾਂ ਨੇ ਹੈਪੀਸੀਡਰ, ਪੀ.ਏ.ਯੂ. ਸੁਪਰ ਐਸ ਐਮ ਐਸ, ਚੋਪਰ-ਕਮ-ਸਪਰੈਡਰ, ਉਲਟਾਵੇਂ ਹਲ ਆਦਿ ਦੀ ਗੱਲ ਕੀਤੀ ਜਿਨਾਂ ਦੀ ਵਰਤੋਂ ਨਾਲ ਪਰਾਲੀ ਦੀ ਵਾਤਾਵਰਨ ਪੱਖੀ ਸੰਭਾਲ ਹੋ ਸਕਦੀ ਹੈ । ਇਹਨਾਂ ਤਕਨਾਲੋਜੀਆਂ ਦੇ ਵਿਆਪਕ ਪਸਾਰ ਬਾਰੇ ਗੱਲ ਕਰਦਿਆਂ ਡਾ. ਮਾਹਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ ਵੱਖ-ਵੱਖ ਸਹਿਯੋਗੀਆਂ ਜਿਵੇਂ ਸੂਬਾ ਅਤੇ ਕੇਂਦਰ ਸਰਕਾਰਾਂ, ਸਰਕਾਰੀ-ਗੈਰ ਸਰਕਾਰੀ ਸੰਸਥਾਵਾਂ, ਕਿਸਾਨ ਸਮੂਹਾਂ ਆਦਿ ਵਿੱਚ ਇੱਕ ਮੁਹਿੰਮ ਚਲਾਉਣ ਵਾਂਗ ਕਾਰਜ ਕੀਤਾ ਹੈ ਤਾਂ ਜੋ ਪੰਜਾਬ ਦੇ ਹਰ ਪਿੰਡ ਦੇ ਕਿਸਾਨ ਤੱਕ ਪਰਾਲੀ ਨੂੰ ਸਾੜੇ ਬਿਨਾਂ ਸੰਭਾਲ ਦਾ ਬਦਲ ਪਹੁੰਚ ਸਕੇ । ਉਹਨਾਂ ਕਿਹਾ ਕਿ ਅਰਿਸੂਦਾਨਾ ਇੰਡਸਟਰੀਜ਼ ਵਾਂਗ ਹੋਰ ਉਦਯੋਗਿਕ ਇਕਾਈਆਂ ਅਜਿਹੀ ਪਹਿਲ ਲਈ ਅੱਗੇ ਆਉਣਗੀਆਂ ।
ਅਰਿਸੂਦਾਨਾ ਇੰਡਸਟਰੀ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਗਗਨ ਖੰਨਾ ਇਸ ਮੌਕੇ ਆਪਣੇ ਸਾਥੀਆਂ ਸ੍ਰੀ ਸਿਧਾਰਥ ਖੰਨਾ, ਸ੍ਰੀ ਪ੍ਰਦੀਪ ਸਿੰਘ ਅਰੋੜਾ ਆਦਿ ਨਾਲ ਮੌਜੂਦ ਸਨ । ਉਹਨਾਂ ਨੇ ਪੀ.ਏ.ਯੂ. ਨਾਲ ਸਹਿਯੋਗ ਵਜੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਉਪਰ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ।
ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਪਰਾਲੀ ਦੀ ਸੰਭਾਲ ਦੀਆਂ ਵੱਖ-ਵੱਖ ਤਕਨੀਕਾਂ ਦੇ ਲਾਭ ਬਾਰੇ ਗੱਲ ਕੀਤੀ ਅਤੇ ਇਸ ਬਾਰੇ ਕਿਸਾਨਾਂ ਦੇ ਹਾਂਪੱਖੀ ਹੁੰਗਾਰਿਆਂ ਦਾ ਜ਼ਿਕਰ ਕੀਤਾ । ਉਦਯੋਗਿਕ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕਿਹਾ ਕਿ ਪੀ.ਏ.ਯੂ. ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕਿਸਾਨਾਂ ਨੂੰ ਤਕਨੀਕੀ ਹੱਲ ਦੇਣ ਦੀ ਦਿਸ਼ਾ ਵਿੱਚ ਲਗਾਤਾਰ ਯਤਨਸ਼ੀਲ ਰਹੇਗੀ । ਉਹਨਾਂ ਨੇ ਹੋਰ ਉਦਯੋਗਿਕ ਇਕਾਈਆਂ ਨਾਲ ਸਾਂਝ ਦੇ ਪ੍ਰੋਜੈਕਟਾਂ ਬਾਰੇ ਗੱਲ ਕੀਤੀ । ਕੇ.ਵੀ.ਕੇ. ਸਮਰਾਲਾ ਦੇ ਡਿਪਟੀ ਡਾਇਰੈਕਟਰ ਡਾ. ਨਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 136 ਕਿਸਾਨਾਂ ਨੇ ਲਗਭਗ 1000 ਏਕੜ ਵਿੱਚ ਪਰਾਲੀ ਸਾੜੇ ਬਿਨਾਂ ਹੋਰ ਫ਼ਸਲਾਂ ਦੀ ਬਿਜਾਈ ਕੀਤੀ ਹੈ । ਇਸ ਮੌਕੇ ਮਾਹਿਰਾਂ ਦੀ ਟੀਮ ਜਿਨਾਂ ਵਿੱਚ ਸੰਦੀਪ ਸਿੰਘ, ਡਾ. ਅਮਰਜੀਤ ਸਿੰਘ, ਡਾ. ਦਵਿੰਦਰ ਤਿਵਾੜੀ, ਇੰਜ. ਤਰੁਨ ਸ਼ਰਮਾ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ।