ਪੰਜਾਬ ਸਰਕਾਰ ਨੇ ਖੋਲਿਆ ਨੌਕਰੀਆਂ ਦਾ ਪਿਟਾਰਾ ! ਪੜ੍ਹੋ ਕਿਹੜੀਆਂ 1152 ਅਸਾਮੀਆਂ ਤੇ ਅਧੀਨ ਸੇਵਾਵਾਂ ਬੋਰਡ ਕਰੇਗਾ ਭਰਤੀ ?-ਚੇਅਰਮੈਨ ਰਮਨ ਬਹਿਲ ਵੱਲੋਂ ਇਸ਼ਤਿਹਾਰ ਜਾਰੀ
2021-01-14 18:02:32 ( ਖ਼ਬਰ ਵਾਲੇ ਬਿਊਰੋ
)
ਐਸ.ਏ.ਐਸ ਨਗਰ, 14 ਜਨਵਰੀ:
ਪੰਜਾਬ ਸਰਕਾਰ ਵਲੋਂ ਆਪਣੇ ਚੋਣ ਵਾਅਦੇ, ਘਰ ਘਰ ਰੋਜ਼ਗਾਰ ਯੋਜਨਾ ਤਹਿਤ ਇਕ ਪੁਲਾਂਘ ਹੋਰ ਪੁੱਟਦਿਆਂ ਨੌਜਵਾਨਾਂ ਲਈ ਨੌਕਰੀਆਂ ਦਾ ਪਿਟਾਰਾ ਖੋਲ ਦਿੱਤਾ ਹੈ। ਇਸ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਮੁੱਖ ਰੱਖਦੇ ਹੋਏ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਬੋਰਡ ਵਲੋਂ ਮਾਲ ਪਟਵਾਰੀ, ਨਹਿਰੀ ਪਟਵਾਰੀ ਅਤੇ ਜਿਲ੍ਹੇਦਾਰ ਦੀਆਂ 1152 ਅਸਾਮੀਆਂ ਭਰਤੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ
ਹੈ।
ਮਿਤੀ 14 ਜਨਵਰੀ 2021 ਤੋਂ ਮਿਤੀ 11 ਫਰਵਰੀ 2021 ਤੱਕ ਇਹਨਾ ਅਸਾਮੀਆਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਤੇ ਫੀਸ ਭਰਨ ਦੀ ਆਖਰੀ ਮਿਤੀ 15 ਫਰਵਰੀ ਰੱਖੀ ਗਈ ਹੈ। ਅਸਾਮੀਆਂ ਦੀ ਕੈਟਾਗਰੀਵਾਈਜ਼ ਗਿਣਤੀ ਅਤੇ ਅਪਲਾਈ ਕਰਨ ਦਾ ਢੰਗ ਅਤੇ ਹੋਰ ਸ਼ਰਤਾਂ ਬੋਰਡ ਦੀ ਵੈਬਸਾਈਟ ਤੇ ਦੇਖੀਆਂ ਜਾ ਸਕਦੀਆਂ ਹਨ।
ਚੇਅਰਮੈਨ ਨੇ ਉਮੀਦਵਾਰਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਮਾਲ ਪਟਵਾਰੀ, ਨਹਿਰੀ ਪਟਵਾਰੀ ਅਤੇ ਜ਼ਿਲ੍ਹੇਦਾਰ ਦੀ ਅਸਾਮੀ ਅਤੇ ਹੋਰ ਭਰਤੀਆਂ ਲਈ ਬੋਰਡ ਵਲੋਂ ਲਏ ਜਾਣ ਵਾਲੇ ਟੈਸਟ ਦੀ ਤਿਆਰੀ ਕਰਨ ਦੀ ਸਲਾਹ ਦਿੱਤੀ ਤਾਂ ਜੋ ਸਮਾਜ ਨੂੰ ਚੰਗੇ ਗਿਆਨਵਾਨ ਤੇ ਪ੍ਰਤੀਬੱਧ ਕਰਮਚਾਰੀ ਮੁਹੱਈਆ ਕਰਵਾਏ ਜਾ ਸਕਣ।
ਇਸ ਤੋਂ ਇਲਾਵਾ ਬੋਰਡ ਦੇ ਚੇਅਰਮੈਨ ਰਮਨ ਬਹਿਲ ਵਲੋਂ ਇਹ ਵੀ ਦੱਸਿਆ ਗਿਆ ਕਿ ਵੱਖ ਵੱਖ ਵਿਭਾਗਾਂ ਵਿੱਚ ਜੂਨੀਅਰ ਡਰਾਫਟਸਮੈਨ, ਕਲਰਕ, ਸਕੂਲ ਲਾਇਬ੍ਰੇਰੀਅਨ ਅਤੇ ਹੋਰ ਕੈਟਾਗਰੀਆਂ ਦੀਆਂ ਹਜ਼ਾਰਾਂ ਅਸਾਮੀਆਂ ਦੀ ਭਰਤੀ ਲਈ ਵੀ ਪ੍ਰੋਸੇਸ ਚੱਲ ਰਿਹਾ ਹੈ।
ਇਸ ਸਬੰਧੀ ਜਲਦੀ ਹੀਂ ਇਸ਼ਤਿਹਾਰ ਜਾਰੀ ਕਰਕੇ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ ਪਾਰਦਰਸ਼ੀ ਢੰਗ ਨਾਲ ਲਈ ਜਾਵੇਗੀ। ਇਸ ਲਈ ਆਧੁਨਿਕ ਤਕਨੀਕੀ ਤਰੀਕਿਆਂ ਜਿਵੇਂ ਕਿ ਬਾਇਓਮੈਟ੍ਰਿਕਸ ਜੈਮਰ ਆਦਿ ਦੀ ਵੀ ਮੱਦਦ ਲਈ ਜਾਵੇਗੀ। ਪ੍ਰੀਖਿਆ ਉਪਰੰਤ ਮੈਰਿਟ ਦੇ ਅਧਾਰ ਤੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।