2021-01-20 11:44:49 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ 20 ਜਨਵਰੀ ( ਬਿੰਦਰ ਸਿੰਘ ਖੁੱਡੀ ਕਲਾਂਂ) : ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਪਚਵੰਜਾ ਦਿਨ ਬੀਤ ਗਏ ਹਨ।ਅੰਦੋਲਨ ਦੀ ਸਮਾਪਤੀ ਲਈ ਸਰਕਾਰ ਅਤੇ ਮਾਨਯੋਗ ਉੱਚ ਅਦਾਲਤ ਵੱਲੋਂ ਕੋਸ਼ਿਸ਼ਾਂ ਦਾ ਦੌਰ ਜਾਰੀ ਹੈ।ਅੰਦੋਲਨ ਦੀ ਸਮਾਪਤੀ ਲਈ ਸਰਕਾਰ ਵੱਲੋਂ ਅੱਜ ਵੀਹ ਜਨਵਰੀ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ।ਪਹਿਲਾਂ ਇਹ ਮੀਟਿੰਗ ਉੱਨੀ ਜਨਵਰੀ ਨੂੰ ਹੋਣੀ ਸੀ ਪਰ ਸਰਕਾਰ ਵੱਲੋਂ ਇਹ ਮੀਟਿੰਗ ਉੱਨੀ ਦੀ ਬਜਾਏ ਵੀਹ ਜਨਵਰੀ ਲਈ ਨਿਰਧਾਰਤ ਕਰ ਦਿੱਤੀ ਗਈ।ਅੰਦੋਲਨ ਦੀ ਸਮਾਪਤੀ ਲਈ ਅੱਜ ਦੇ ਦਸਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਸਰਕਾਰ ਨੌ ਵਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਚੁੱਕੀ ਹੈ।ਮੀਟਿੰਗਾਂ ਦੇ ਲੰਬੇ ਚੌੜੇ ਦੌਰ ਦੇ ਬਾਵਜੂਦ ਵੀ ਸਰਕਾਰ ਕਿਸਾਨ ਅੰਦੋਲਨ ਦੀ ਸਮਾਪਤੀ ਕਰਵਾਉਣ ਵਿੱਚ ਸਫਲ ਨਹੀਂ ਹੋ ਸਕੀ।
ਪਹਿਲੇ ਨੌ ਗੇੜਾਂ ਦੀਆਂ ਮੀਟਿੰਗਾਂ ਦੌਰਾਨ ਜਿੱਥੇ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ ਕਹਿਣ ਦਾ ਰਾਗ ਜੋਸ਼ ਖਰੋਸ਼ ਨਾਲ ਅਲਾਪਿਆ ਗਿਆ ਹੈ ਉੱਥੇ ਹੀ ਕਿਸਾਨਾਂ ਵੱਲੋਂ ਕਾਨੂੰਨਾਂ ਨੂੰ ਕਿਸਾਨਾਂ ਦੀ ਬਜਾਏ ਪੂੰਜੀਪਤੀ ਘਰਾਣਿਆਂ ਪੱਖੀ ਹੋਣ ਬਾਰੇ ਕਹਿੰਦਿਆਂ ਕਾਨੂੰਨ ਪੂਰਨ ਰੂਪ ਵਿੱਚ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।ਸਰਕਾਰ ਕਿਸੇ ਵੀ ਮੀਟਿੰਗ ਦੌਰਾਨ ਕਾਨੂੰਨਾਂ ਦੇ ਕਿਸਾਨ ਪੱਖੀ ਹੋਣ ਨੂੰ ਸਿੱਧ ਨਹੀਂ ਕਰ ਸਕੀ ਅਤੇ ਨਾ ਹੀ ਸਰਕਾਰ ਕਾਨੂੰਨਾਂ ਦੇ ਕਿਸਾਨ ਵਿਰੋਧੀ ਹੋਣ ਬਾਰੇ ਕਿਸਾਨਾਂ ਦੇ ਤੌਖਲਿਆਂ ਦਾ ਤਸ਼ੱਲੀਬਖਸ਼ ਜਵਾਬ ਦੇ ਸਕੀ ਹੈ।ਇੱਕ ਮੀਟਿੰਗ ਦੌਰਾਨ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਦੋ ਹੋਰ ਏਜੰਡਿਆਂ 'ਤੇ ਕਿਸਾਨ ਆਗੂਆਂ ਦੀ ਮੰਗ ਅਨੁਸਾਰ ਸਹਿਮਤੀ ਦੇ ਕੇ ਭਰਮਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ।ਪਰ ਕਿਸਾਨ ਆਗੂਆਂ ਵੱਲੋਂ ਅੰਦੋਲਨ ਦੀ ਸਮਾਪਤੀ ਸਿਰਫ਼ 'ਤੇ ਸਿਰਫ਼ ਕਾਨੂੰਨਾਂ ਦੀ ਵਾਪਸੀ ਨਾਲ ਹੋਣ 'ਤੇ ਹੀ ਕਹਿਣ ਨਾਲ ਸਰਕਾਰ ਦੀਆਂ ਸਭ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ।
ਸਰਕਾਰ ਦਾ ਹੁਣ ਤੱਕ ਦਾ ਰਵੱਈਆ ਦੱਸਦਾ ਹੈ ਕਿ ਸਰਕਾਰ ਅੰਦੋਲਨ ਦੀ ਸਮਾਪਤੀ ਤਾਂ ਚਾਹੁੰਦੀ ਹੈ ਪਰ ਚਾਹੁੰਦੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਹੈ ਜਦਕਿ ਕਿਸਾਨ ਕਾਨੂੰਨਾਂ ਦੀ ਵਾਪਸੀ ਨਾਲ ਅੰਦੋਲਨ ਦੀ ਸਮਾਪਤੀ ਚਾਹੁੰਦੇ ਹਨ।ਜਿੱਥੇ ਸਰਕਾਰ ਹੁਣ ਤੱਕ ਦੀਆਂ ਮੀਟਿੰਗਾਂ ਦੌਰਾਨ ਕਾਨੂੰਨਾਂ ਦੇ ਕਿਸਾਨ ਪੱਖੀ ਹੋਣ ਬਾਰੇ ਸਮਝਾਉਣ ਤੋਂ ਪੂਰੀ ਤਰ੍ਹਾਂ ਅਸਮਰਥ ਰਹੀ ਹੈ ਉੱਥੇ ਹੀ ਕਿਸਾਨ ਆਗੂ ਕਿਸਾਨ ਵਿਰੋਧੀ ਮੱਦਾਂ ਸਰਕਾਰ ਨੂੰ ਦੱਸਣ ਵਿੱਚ ਕਾਮਯਾਬ ਹੋਏ ਹਨ।ਸ਼ਾਇਦ ਕਿਸਾਨ ਆਗੂਆਂ ਦੇ ਤਰਕ ਸਾਹਮਣੇ ਨਿਰਉਤਰ ਹੁੰਦਿਆਂ ਹੀ ਸਰਕਾਰ ਵੱਲੋਂ ਕਾਨੂੰਨਾਂ ਵਿੱਚ ਸੋਧਾਂ ਦੀ ਹਾਮੀ ਭਰੀ ਜਾ ਰਹੀ ਹੈ।ਕੇਂਦਰ ਦੀ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਕਿਸਾਨਾਂ ਨੂੰ ਸੋਧਾਂ ਕਰਵਾ ਕੇ ਅੰਦੋਲਨ ਸਮਾਪਤ ਕਰਨ ਦੀਆਂ ਵਾਰ ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ।ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸੋਧਾਂ ਉਪਰੰਤ ਵੀ ਕਾਨੂੰਨਾਂ ਦੇ ਕਿਸਾਨ ਵਿਰੋਧੀ ਪ੍ਰਭਾਵਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ।ਇਹਨਾਂ ਨਵੇਂ ਕਾਨੂੰਨਾਂ ਜਰੀਏ ਕਿਸਾਨੀ 'ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਸਿਰਫ਼ 'ਤੇ ਸਿਰਫ਼ ਕਾਨੂੰਨ ਰੱਦ ਕਰਨ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ।
ਅੱਜ ਦੀ ਮੀਟਿੰਗ ਤੋਂ ਪਹਿਲੀਆਂ ਮੀਟਿੰਗਾਂ ਦੌਰਾਨ ਗੱਲ ਕਿਸੇ ਤਣ ਪੱਤਣ ਨਾ ਲੱਗਣ 'ਤੇ ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਪ੍ਰਚੰਡ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਅਠਾਰਾਂ ਜਨਵਰੀ ਦਾ ਦਿਨ ਕਿਸਾਨ ਔਰਤ ਦਿਵਸ ਵਜੋਂ ਮਨ੍ਹਾ ਕੇ ਇਤਿਹਾਸ ਸਿਰਜਿਆ ਗਿਆ ਹੈ।ਇਸ ਦੌਰਾਨ ਔਰਤਾਂ ਦੀ ਬੇਮਿਸਾਲ ਸ਼ਮੂਲੀਅਤ ਕਿਸਾਨ ਰੋਹ ਨੂੰ ਹੋਰ ਵੀ ਤਿੱਖਾ ਕਰ ਗਈ। ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਦਿੱਲੀ 'ਚ ਸ਼ਾਂਤਮਈ ਟਰੈਕਟਰ ਪਰੇਡ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਕਿਸਾਨ ਆਗੂਆਂ ਵੱਲੋਂ ਇਸ ਪਰੇਡ 'ਚ ਸ਼ਮੂਲੀਅਤ ਲਈ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਨੂੰ ਟਰੈਕਟਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਕਿਹਾ ਗਿਆ ਹੈ।ਪਰੇਡ ਦੀ ਤਿਆਰੀ ਲਈ ਪਿੰਡਾਂ ਵਿੱਚ ਹੋ ਰਹੀਆਂ ਰਿਹਰਸਲਾਂ ਪਰੇਡ ਪ੍ਰਤੀ ਕਿਸਾਨਾਂ ਦੇ ਉਤਸ਼ਾਹ ਦਾ ਪ੍ਰਤੱਖ ਪ੍ਰਮਾਣ ਹਨ।ਕਿਸਾਨਾਂ ਦੀ ਟਰੈਕਟਰ ਪਰੇਡ ਕੇਂਦਰ ਸਰਕਾਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ।ਪਰੇਡ ਦੌਰਾਨ ਅਣਸੁਖਾਵੀਂ ਘਟਨਾ ਵਾਪਰਨ ਦੇ ਤੌਖਲਾ ਪ੍ਰਗਟਾਵੇ ਨਾਲ ਸਰਕਾਰ ਇਸ ਪਰੇਡ ਨੂੰ ਟਾਲਣ ਲਈ ਯਤਨਸ਼ੀਲ ਹੈ।ਮਾਨਯੋਗ ਉੱਚ ਅਦਾਲਤ ਵੱਲੋਂ ਪਰੇਡ ਨੂੰ ਪੁਲਿਸ ਦਾ ਮੁੱਦਾ ਕਹਿਣ ਉਪਰੰਤ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਪਰ ਕਿਸਾਨ ਟਰੈਕਟਰ ਪਰੇਡ ਬਾਰੇ ਪੂਰੀ ਤਰ੍ਹਾਂ ਡਟੇ ਹੋਏ ਹਨ।ਕਿਸਾਨਾਂ ਦਾ ਤਰਕ ਹੈ ਕਿ ਲੋਕਤੰਤਰੀ ਦੇਸ਼ ਦੇ ਨਾਗਰਿਕ ਹੁੰਦਿਆਂ ਉਹਨਾਂ ਨੂੰ ਵੀ ਗਣਤੰਤਰ ਦਿਵਸ ਮਨਾਉਣ ਦਾ ਪੂਰਾ ਅਧਿਕਾਰ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਅੱਜ ਦੀ ਸਰਕਾਰ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਕਿਸੇ ਤਰ੍ਹਾਂ ਪਹਿਲੀਆਂ ਮੀਟਿੰਗਾਂ ਨਾਲੋਂ ਵੱਖਰੀ ਹੋਵੇਗੀ ਜਾਂ ਫਿਰ ਇਸ ਮੀਟਿੰਗ ਦਾ ਹਸ਼ਰ ਵੀ ਪਹਿਲੀਆਂ ਮੀਟਿੰਗਾਂ ਵਾਲਾ ਹੀ ਹੋਵੇਗਾ।ਕੀ ਅੱਜ ਦੀ ਮੀਟਿੰਗ ਕਿਸਾਨ ਅੰਦੋਲਨ ਦੇ ਤਾਲੇ ਦੀ ਚਾਬੀ ਬਣ ਸਕੇਗੀ ਜਾਂ ਫਿਰ ਦਿੱਲੀ ਦੀਆਂ ਸਰਹੱਦਾਂ ਨੂੰ ਕਿਸਾਨ ਅੰਦੋਲਨ ਰੂਪੀ ਜ਼ਿੰਦਰਾ ਇਸੇ ਤਰ੍ਹਾਂ ਵੱਜਿਆ ਰਹੇਗਾ। ਵੈਸੇ ਅੱਜ ਦੀ ਮੀਟਿੰਗ ਤੋਂ ਪਹਿਲਾਂ ਸਰਕਾਰ ਵੱਲੋਂ ਮੀਟਿੰਗ ਦੌਰਾਨ ਕਾਨੂੰਨ ਰੱਦ ਕਰਨ ਤੋਂ ਬਿਨਾਂ ਹਰ ਪ੍ਰਕਾਰ ਦੇ ਵਿਚਾਰ ਵਟਾਂਦਰੇ ਲਈ ਤਿਆਰ ਹੋਣ ਦੇ ਆ ਰਹੇ ਬਿਆਨ ਤਾਂ ਇਹੋ ਦੱਸਦੇ ਹਨ ਕਿ ਅੱਜ ਦੀ ਮੀਟਿੰਗ ਦੌਰਾਨ ਵੀ ਪਹਿਲੀਆਂ ਨੌ ਮੀਟਿੰਗਾਂ ਵਾਂਗ ਹੀ ਸਰਕਾਰ ਕਾਨੂੰਨਾਂ ਨੂੰ ਕਿਸਾਨ ਪੱਖੀ ਕਹਿੰਦਿਆਂ ਮੱਦ ਵਾਈਜ਼ ਵਿਚਾਰ ਵਟਾਂਦਰੇ ਲਈ ਕਹੇਗੀ ਅਤੇ ਕਿਸਾਨ ਆਗੂ ਬਿਨਾਂ ਕਿਸੇ ਵਿਚਾਰ ਵਟਾਂਦਰੇ ਦੇ ਕਾਨੂੰਨ ਰੱਦ ਕਰਨ ਦੀ ਮੰਗ 'ਤੇ ਕਾਇਮ ਰਹਿਣਗੇ।ਫਿਰ ਪੈਦਾ ਹੋਏ ਡੈਡਲਾਕ ਦੌਰਾਨ ਚਾਹ ਅਤੇ ਲੰਗਰ ਛਟਣ ਲਈ ਮੀਟਿੰਗ ਵਿੱਚ ਬਰੇਕ ਲਈ ਜਾਵੇਗੀ।ਬਰੇਕ ਉਪਰੰਤ ਮੀਟਿੰਗ ਦੁਬਾਰਾ ਸ਼ੁਰੂ ਹੋਵੇਗੀ ਅਤੇ ਬਿਨਾਂ ਕੋਈ ਸਾਰਥਿਕ ਨਤੀਜਾ ਦਿੱਤਿਆਂ ਅਗਲੀ ਮੀਟਿੰਗ ਦੀ ਤਾਰੀਕ ਦੇ ਐਲਾਨ ਨਾਲ ਮੀਟਿੰਗ ਸਮਾਪਤ ਕਰ ਦਿੱਤੀ ਜਾਵੇਗੀ।ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਮੀਟਿੰਗ ਕਿਸਾਨ ਅੰਦੋਲਨ ਦੀ ਸਮਾਪਤੀ ਦਾ ਸਬੱਬ ਜਰੂਰ ਬਣ ਜਾਵੇ ਤਾਂ ਕਿ ਠੰਢੀਆਂ ਰਾਤਾਂ ਘਰਾਂ ਤੋਂ ਬਾਹਰ ਗੁਜ਼ਾਰਨ ਲਈ ਮਜਬੂਰ ਕਿਸਾਨ ਆਪੋ ਆਪਣੇ ਘਰਾਂ ਵੱਲ ਵਾਪਸੀ ਕਰ ਸਕਣ।