2021-01-21 13:21:51 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ : ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਦੇ ਦੂਸਰੇ ਪੜਾਅ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਿਆਂ ਦੇ ਮੰਤਰੀ ਵੀ ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੂਜੇ ਪੜਾਅ ਵਿੱਚ 50 ਸਾਲ ਤੋਂ ਵੱਧ ਅਤੇ ਹੋਰ ਬੀਮਾਰੀਆਂ ਨਾਲ ਪੀਡ਼ਤ ਸਮੇਤ 27 ਕਰੋੜ ਦੇ ਲਗਪਗ ਲੋਕਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਹੈ। ਇਸ ਦੂਜੇ ਪੜਾਅ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੂਬਿਆਂ ਦੇ ਮੰਤਰੀਆਂ ਨੂੰ ਕੋਰੋਨਾ ਦਾ ਟੀਕਾ ਲੱਗੇਗਾ ਕਿਉਂਕਿ ਇਸ ਦਾ ਉਦੇਸ਼ ਆਮ ਲੋਕਾਂ 'ਚ ਕੋਰੋਨਾ ਦੇ ਟੀਕੇ ਪ੍ਰਤੀ ਭਰੋਸਾ ਕਾਇਮ ਕਰਨਾ ਹੈ।ਭਾਰਤ 'ਚ 16 ਜਨਵਰੀ ਤੋਂ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਈ ਹੈ।ਜਾਣਕਾਰੀ ਅਨੁਸਾਰ ਕੋਵਿਡ-19 ਤੋਂ ਬਚਾਅ ਲਈ ਟੀਕੇ ਦੀ ਖ਼ੁਰਾਕ ਸਭ ਤੋਂ ਪਹਿਲਾਂ ਇਕ ਕਰੋੜ ਸਿਹਤ ਮੁਲਾਜ਼ਮਾਂ ਅਤੇ ਇਸ ਤੋਂ ਬਾਅਦ ਦੋ ਕਰੋੜ ਆਗਾਮੀ ਮੋਰਚੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਹੈ।