26 ਜਨਵਰੀ ਦੀ ਟਰੈਕਟਰ ਪਰੇਡ ਤੋਂ ਕਿਸਾਨ ਮੋਰਚੇ ਨੇ ਕੀ ਖੱਟਿਆ ?
2021-01-27 19:12:33 ( ਖ਼ਬਰ ਵਾਲੇ ਬਿਊਰੋ
)
ਕਿਸਾਨ ਮੋਰਚੇ ਦੀ ਦਿੱਲੀ ਦੀਆਂ ਬਰੂਹਾਂ ਤੇ ਇਨਸਾਫ਼ ਲੈਣ ਲਈ ਜੰਗ ਜਾਰੀ ਹੈ ਦੁਸ਼ਮਣ ਮੌਕੇ ਦੀ ਤਾਕ ਵਿੱਚ ਹੈ ਕਿ ਮੋਰਚਾ ਕਿਵੇਂ ਫੇਲ੍ਹ ਕੀਤਾ ਜਾਵੇ ਅਸੀਂ ਮੌਕਾ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਪਰ ਫਿਰ ਵੀ ਗੁਰੂ ਦੀ ਬਖਸ਼ਿਸ਼ ਅਤੇ ਅਤੇ ਕੁਦਰਤ ਦਾ ਵਰਤਾਰਾ ਸਾਨੂੰ ਅਜੇ ਵੀ ਜਿੱਤ ਦੀ ਮੰਜ਼ਿਲ ਵੱਲ ਵਧਾ ਰਿਹਾ ਹੈ ।
26 ਜਨਵਰੀ ਦੀ ਟਰੈਕਟਰ ਪਰੇਡ ਨੇ ਦਿੱਲੀ ਦੇ ਹਾਕਮ ਨੂੰ ਲੋਕਾਂ ਦੇ ਰੋਹ ਦੀ ਤਾਕਤ ਦਾ ਸ਼ੀਸਾ ਦਿਨ ਦਿਹਾਡ਼ੇ ਦਿਖਾ ਦਿੱਤਾ ਹੈ ਕਿ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ ਸਨ ਲੋਕ ਵੱਡੇ ਹੁੰਦੇ ਹਨ,ਕਿ ਸਰਕਾਰਾਂ ਦੇ ਫ਼ੈਸਲੇ ਲੋਕ ਰਾਇ ਮੁਤਾਬਕ ਹੋਣੇ ਚਾਹੀਦੇ ਹਨ ਇਸ ਟਰੈਕਟਰ ਪਰੇਡ ਵਿਚ ਲੋਕਾਂ ਦੇ ਇਖ਼ਲਾਕ ਦੀ ਜਿੱਤ ਹੋਈ ਹੈ ਪਰ ਦੂਸਰੇ ਪਾਸੇ ਮੁਲਕ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਹੰਕਾਰ ਦਾ ਘੜਾ ਅਜੇ ਵੀ ਟੁੱਟਣ ਨੂੰ ਤਿਆਰ ਨਹੀਂ ਹੈ ਕਿਸਾਨ ਮੋਰਚੇ ਨੂੰ ਤਾਰੋਪੀਡ ਕਰਨ ਲਈ ਅਜੇ ਵੀ ਗੁੱਝੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਚੱਲ ਰਹੀ ਕਿਉਂਕਿ ਦੇਸ਼ ਭਰ ਦੇ ਕਿਸਾਨ ਨੇ ਮੁਲਕ ਦੀ ਰਾਜਧਾਨੀ ਨੂੰ ਚਾਰ ਚੁਫੇਰਿਓਂ ਘੇਰਾ ਪਾਇਆ ਹੋਇਆ ਹੈ ਕੇਂਦਰ ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਇਸ ਕਿਸਾਨ ਅੰਦੋਲਨ ਦੇ ਘੇਰੇ ਵਿੱਚੋਂ ਬਾਹਰ ਕਿਵੇਂ ਨਿਕਲਿਆ ਜਾਵੇ ਪਹਿਲਾਂ ਲੋਕ ਸੰਘਰਸ਼ਾਂ ਨੂੰ ਘੇਰੇ ਪੈਂਦੇ ਸਨ ਸਰਕਾਰਾਂ ਦੇ ,ਪਰ ਐਤਕੀਂ ਸਰਕਾਰ ਖੁਦ ਆਪ ਬੁਰੀ ਤਰ੍ਹਾਂ ਘਿਰ ਗਈ ਹੈ । ਅੰਗਰੇਜ਼ਾਂ ਦੀ ਸਰਕਾਰ ਦੇ ਜਨਰਲ ਡਾਇਰ ਨੇ ਸਾਲ 1919 ਵਿਚ ਜਲ੍ਹਿਆਂਵਾਲੇ ਬਾਗ ਨੂੰ ਘੇਰਿਆ ਇਥੇ ਗੋਲੀਆਂ ਚਲਾ ਕੇ ਸੈਂਕੜੇ ਅੰਦੋਲਨਕਾਰੀ ਮੁਕਾ ਦਿੱਤੇ ਇਹ ਘਟਨਾਕ੍ਰਮ ਅਜ਼ਾਦੀ ਇਤਿਹਾਸ ਦਾ ਹਿੱਸਾ ਬਣਿਆ । ਫੇਰ ਬੀਬੀ ਇੰਦਰਾ ਦੀ ਫ਼ੌਜ ਨੇ 1984 ਵਿੱਚ ਸਿੱਖਾਂ ਦੇ ਮੱਕੇ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਅਤੇ ਸੈਂਕੜੇ ਸੰਘਰਸ਼ੀ ਯੋਧਿਆਂ ਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਅਤੇ ਧਰਮ ਯੁੱਧ ਮੋਰਚੇ ਦੇ ਸੰਘਰਸ਼ ਨੂੰ ਖੇਰੂੰ ਖੇਰੂੰ ਕਰ ਦਿੱਤਾ ਪਰ ਸਰਕਾਰਾਂ ਦੇ ਇਨ੍ਹਾਂ ਬੇਗ਼ੈਰਤ ਅਤੇ ਗੈਰਕਾਨੂੰਨੀ ਘੇਰਿਆ ਨੇ ਅੰਗਰੇਜ਼ ਰਾਜ ਦਾ ਅਤੇ ਇੰਦਰਾ ਗਾਂਧੀ ਦੇ ਅੰਤ ਦਾ ਬਿਗਲ ਵਜਾਇਆ । ਹੁਣ ਮੁਲਕ ਦਾ ਕਾਰਪੋਰੇਟ ਹਾਊਸ ਅੰਬਾਨੀ ਅਡਾਨੀ ਸਰਕਾਰ ਦੀ ਆੜ ਵਿੱਚ ਕਿਸਾਨਾਂ ਦੀ ਜ਼ਮੀਨ ਨੂੰ ਘੇਰਾ ਪਾਉਣ ਆਏ ਹਨ ਪਰ ਲੋਕਾਂ ਦੇ ਰੋਹ ਵਿੱਚ ਦੋਵੇਂ ਘਿਰ ਗਏ ਹਨ ਉਹ ਵੱਖਰੀ ਗੱਲ ਹੈ ਕਿਸਾਨਾਂ ਨੇ ਸਰਕਾਰਾਂ ਤੇ ਕੋਈ ਗੋਲੀ ਨਹੀਂ ਚਲਾਉਣੀ, ਕੋਈ ਕਤਲੋ ਗਾਰਦ ਨਹੀਂ ਕਰਨਾ ਉਨ੍ਹਾਂ ਨੇ ਸਿਰਫ਼ ਆਪਣਾ ਹੱਕ ਲੈਣਾ ਹੈ ਜੋ ਸਰਕਾਰ ਅਤੇ ਧਨਾਢ ਲੋਕ ਕਿਸੇ ਵੀ ਹਾਲਾਤ ਵਿੱਚ ਦੇਣਾ ਨਹੀਂ ਚਾਹੁੰਦੇ ਉਨ੍ਹਾਂ ਦੀ ਇੱਕੋ ਮਨਸ਼ਾ ਹੈ ਇਹ ਕਿਸਾਨ ਅੰਦੋਲਨ ਕਿਵੇਂ ਨਾ ਕਿਵੇਂ ਫੇਲ੍ਹ ਹੋ ਜਾਵੇ ।

ਕਿਸਾਨ ਮੋਰਚੇ ਵਿੱਚ ਹਿੱਸਾ ਲੈ ਰਹੇ ਸਾਰੇ ਵਰਗਾਂ ਦੇ ਲੋਕਾਂ ਨੂੰ ਸੁਚੇਤ ਰਹਿਣਾ ਹੋਵੇਗਾ ਜਜ਼ਬਾਤਾਂ ਦੇ ਵਹਾਅ ਵਿੱਚ ਨਹੀਂ ਵਹਿਣਾ ਹੋਵੇਗਾ ਜੇ ਇਹ ਹੋਵੇਗਾ ਫਿਰ ਉਹ ਸਰਕਾਰ ਦੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ । ਸਾਡਾ ਮੁੱਖ ਟੀਚਾ ਕਿਸਾਨ ਮੋਰਚਾ ਫਤਹਿ ਕਰਨਾ ਹੈ ਇਸ ਲਈ ਇਸ ਨੂੰ ਜੋਸ਼ ਨਾਲੋਂ ਹੋਸ਼ ਵੱਧ ਕਾਇਮ ਰੱਖਣੀ ਹੋਵੇਗੀ ਮੈਂ ਆਪਣੇ ਪਹਿਲੇ ਆਰਟੀਕਲ ਵਿਚ ਵੀ ਲਿਖਿਆ ਸੀ ਕਿ ਪੰਜਾਬੀ ਜੋਸ ਪੱਖੋਂ ਕਦੇ ਵੀ ਨਹੀਂ ਹਾਰੇ ਹੋਸ਼ ਪੱਖੋਂ ਇਨ੍ਹਾਂ ਨੇ ਹਮੇਸ਼ਾ ਹੀ ਮਾਰ ਖਾਧੀ ਹੈ ਜੇਕਰ ਦਿੱਲੀ ਦੇ ਲਾਲ ਕਿਲ੍ਹੇ ਤੇ ਨੌਜਵਾਨਾਂ ਨੇ ਖ਼ਾਲਸਾਈ ਨਿਸ਼ਾਨ ਲਹਿਰਾ ਵੀ ਦਿੱਤਾ ਤਾਂ ਕੋਈ ਪਹਾੜ ਨਹੀਂ ਡਿੱਗ ਪਿਆ ਖ਼ਾਲਸੇ ਦੀ ਆਜ਼ਾਦੀ ਦਾ ਸੰਕਲਪ ਹਰ ਸਿੱਖ ਤੇ ਜਿਹਨ ਵਿੱਚ ਹੈ ਪਰ ਮਸਲਾ ਇਸ ਵਕਤ ਕਿਸਾਨਾਂ ਦਾ ਹੈ ਖ਼ਾਲਸੇ ਦੀ ਆਜ਼ਾਦੀ ਦਾ ਨਹੀਂ ,ਤੁਹਾਡੇ ਇਸ ਕਾਰਨਾਮੇ ਨੂੰ ਵੀ ਗੋਦੀ ਅਤੇ ਚਾਪਲੂਸ ਮੀਡੀਆ ਨੇ ਇਕ ਕਰਤੂਤ ਬਣਾ ਕੇ ਪੇਸ਼ ਕਰ ਦੇਣਾ ਹੈ ਜਿਸ ਨਾਲ ਪਹਿਲੇ ਸੰਘਰਸ਼ਾਂ ਵਾਂਗ ਜਿੱਤ ਦੇ ਨੇੜੇ ਪਹੁੰਚਿਆ ਇਹ ਕਿਸਾਨ ਸੰਘਰਸ਼ ਵੀ ਫੇਲ੍ਹ ਹੋ ਜਾਣਾ ਹੈ ਜਾਂ ਉਨ੍ਹਾਂ ਮਾਹਾਂਰਥੀਆਂ ਨੇ ਕਰ ਦੇਣਾ ਹੈ ਪਿਛਲਾ ਇਤਿਹਾਸ ਪੜ੍ਹ ਕੇ ਵੇਖ ਲੈਣਾ ਸਾਡੇ ਪਿਛਲੇ ਸੰਘਰਸ਼ਾਂ ਵਿਚ ਕਿਵੇਂ ਕਿਵੇਂ ਕੀ ਕੀ ਇਨ੍ਹਾਂ ਸਰਕਾਰਾਂ ਨੇ ਭਾਣੇ ਵਰਤਾਏ ਹਨ ਅਸੀਂ ਕਿੱਥੋਂ ਕਿੱਥੋਂ ਅਤੇ ਕਿਵੇਂ ਕਿਵੇਂ ਮਾਰ ਖਾਧੀ ਹੈ ਕਿਓੰਕਿ ਦਿੱਲੀ ਦਾ ਹਾਕਮ ਬੜਾ ਚਤਰ ਹੈ ਉਸ ਨੇ ਲਾਲ ਕਿਲ੍ਹੇ ਦੇ ਗੇਟ ਤੁਹਾਡੇ ਲਈ ਐਵੇਂ ਨਹੀਂ ਖੋਲ੍ਹੇ ਸੀ ਉਹ ਵੀ ਇਸ ਤਾਕ ਵਿੱਚ ਹੈ ਕਿ ਪੰਜਾਬ ਦੀ ਜਵਾਨੀ ਜੋਸ਼ ਅਤੇ ਤਹਿਸ ਵਿੱਚ ਆ ਕੇ ਕੋਈ ਅਜਿਹੇ ਕਦਮ ਪੁੱਟੇ ਅਸੀਂ ਕਿਸਾਨ ਮੋਰਚੇ ਨੂੰ ਬਦਨਾਮ ਕਰਕੇ ਫੇਲ੍ਹ ਕਰੀਏ ।
ਕਿਸਾਨ ਮੋਰਚੇ ਦੇ ਵਾਰਸੋ ਜੇਕਰ ਮੋਰਚਾ ਫਤਿਹ ਕਰਨਾ ਬਹੁਤ ਹੀ ਗੰਭੀਰ ਅਤੇ ਸੁਚੇਤ ਹੋਣ ਦੀ ਲੋੜ ਹੈ 26 ਜਨਵਰੀ ਦੀ ਟਰੈਕਟਰ ਪਰੇਡ ਨੇ ਕੇਂਦਰ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ ਪਰ ਦੇਖਣਾ ਸਾਡੀ ਇਕ ਛੋਟੀ ਜਿਹੀ ਗਲਤੀ ਹੀ ਕਿਤੇ ਕਿਸਾਨ ਮੋਰਚੇ ਦੇ ਮੰਜੇ ਦੇ ਚਾਰੇ ਪਾਵਿਆਂ ਨੂੰ ਤੋੜ ਕੇ ਨਾਂ ਰੱਖ ਦੇਵੇ ਇਹ ਸੰਘਰਸ਼ ਅਤੇ ਕੌਮਾਂ ਦਾ ਏਕਾ ਰੋਜ ਰੋਜ ਨਹੀਂ ਜੁੜਦਾ ਹੁੰਦਾ ਸਦੀਆਂ ਬਾਅਦ ਹੀ ਅਜਿਹੇ ਇਨਕਲਾਬ ਆਉਂਦੇ ਹਨ ਅਤੇ ਇਤਿਹਾਸ ਬਣਦੇ ਹਨ ਸੋ ਸਾਨੂੰ ਸੰਭਲ ਕੇ ਚੱਲਣਾ ਪਵੇਗਾ ਕਿਉਂਕਿ ਅੱਗੇ ਸਰਕਾਰਾਂ ਸੰਘਰਸ਼ਾਂ ਨੂੰ ਘੇਰਦੀਆਂ ਸੀ ਐਤਕੀਂ ਪਹਿਲੀ ਵਾਰ ਸੰਘਰਸ਼ੀ ਯੋਧਿਆਂ ਨੇ ਸਰਕਾਰ ਘੇਰੀ ਐ, ਕਿਸਾਨ ਮੋਰਚਾ ਜਿੱਤ ਦੇ ਨੇੜੇ ਹੈ ਕਿਸਾਨਾਂ ਦਾ ,ਵੱਖ ਵੱਖ ਧਰਮਾਂ ਅਤੇ ਵੱਖ ਵੱਖ ਵਰਗਾਂ ਦਾ ਨੌਜਵਾਨਾਂ ਅਤੇ ਬੀਬੀਆਂ ਦਾ ਏਕਾ ਅਤੇ ਜੋਸ਼ ਇੱਕ ਕਾਬਲੇ ਤਾਰੀਫ਼ ਹੈ ਪਰ ਇੱਕ ਧੜੱਲੇਦਾਰ ਲੀਡਰ ਜਿਸ ਦੀ ਅਗਵਾਈ ਹੇਠ ਸਾਰੇ ਇਕੱਠੇ ਹੋ ਸਕਣ ਉਹ ਇੱਕ ਵੱਡੀ ਘਾਟ ਕਿਸਾਨ ਸੰਘਰਸ਼ ਵਿੱਚ ਰੜਕਦੀ ਹੈ,ਅਗਵਾਈ ਕਰਨ ਵਾਲਾ ਇੱਕ ਜਰਨੈਲ ਨਹੀਂ ਦਿਸ ਰਿਹਾ ਜੇਕਰ ਕਿਸੇ ਪਾਸਿਓਂ ਹੁਣ ਕਿਸਾਨ ਮੋਰਚਾ ਮਾਰ ਖਾ ਗਿਆ ਫੇਰ ਸਾਹ ਮੁਹੰਮਦ ਦੇ ਜੰਗਨਾਮੇ ਦੀਆਂ ਉਹ ਸਤਰਾਂ ਜ਼ਰੂਰ ਚੇਤੇ ਆਉਣਗੀਆਂ ਕਿ
"ਜੇਕਰ ਅੱਜ ਹੁੰਦੀ ਸਰਕਾਰ ਮੁੱਲ ਪਾਉਂਦੀ ,
ਜੋ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ ,
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਵੀ ਅੰਤ ਨੂੰ ਹਾਰੀਆਂ ਨੇ "।
ਖ਼ੈਰ ਨਹੀਂ ਅਜੇ ਵੀ ਵਕਤ ਦਾ ਪਲੜਾ ਕਿਸਾਨ ਮੋਰਚੇ ਦੇ ਹੱਕ ਵਿਚ ਹੈ ਪ੍ਰਮਾਤਮਾ ਰਹਿਮਤ ਕਰੇ 26 ਜਨਵਰੀ ਦੀ ਟਰੈਕਟਰ ਰੈਲੀ ਨੇ ਵਾਕਿਆ ਹੀ ਸਫ਼ਲਤਾ ਦੇ ਝੰਡੇ ਗੱਡੇ ਹਨ , ਅੱਗੇ ਵੀ ਸਫਲਤਾ ਨਸੀਬ ਹੋਵੇ ਸਾਡੀ ਆਪਸੀ ਏਕਤਾ ਅਤੇ ਭਾਈਚਾਰਾ ਬਣਿਆ ਰਹੇ ਚਲਦੇ ਸੰਘਰਸ਼ਾਂ ਵਿਚ ਛੋਟੀਆਂ ਮੋਟੀਆਂ ਗਲਤੀਆਂ ਅਤੇ ਕਮੀਆਂ ਹੁੰਦੀਆਂ ਹੀ ਹਨ ਪਰ "ਹੌਸਲਾ ਬਰਕਰਾਰ ਰੱਖਿਓ ਜਿੱਤਾਂਗੇ ,ਜ਼ਰੂਰ ਜੰਗ ਜਾਰੀ ਰੱਖਿਓ " ਕਿਸਾਨਾਂ ਦਾ ਰੱਬ ਰਾਖਾ !